ਪਿੰਡ ਵਡਾਲਾ ਭਿੱਟੇਵੱਡ ਵਿਖੇ ਹੋਏ ਮੁਕਾਬਲੇ ਦੌਰਾਨ ਜ਼ਖ਼ਮੀ ਹੋਇਆ ਗੈਂਗਸਟਰ ਪੁਲਿਸ ਵਲੋਂ ਕਾਬੂ <br/>
ਅਜੀਤ ਡੈਸਕ
19-10-2025
ਰਾਮ ਤੀਰਥ, 18 ਅਕਤੂਬਰ (ਧਰਵਿੰਦਰ ਸਿੰਘ ਔਲਖ)-ਪੁਲਿਸ ਥਾਣਾ ਕੰਬੋਅ ਅਧੀਨ ਆਉਂਦੇ ਪਿੰਡ ਵਡਾਲਾ ਭਿੱਟੇਵੱਡ ਵਿਖੇ ਅੱਜ ਪੁਲਿਸ ਮੁਕਾਬਲੇ ਵਿਚ ਜ਼ਖ਼ਮੀ ਹੋਇਆ ਗੈਂਗਸਟਰ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਹੈ | ਜਿਸ ਦੀ ਪਛਾਣ ਜਸਬੀਰ ਸਿੰਘ ਲੱਲਾ ਵਜੋਂ ਹੋਈ ਹੈ | ਏ.ਜੀ.ਟੀ.ਐੱਫ. ਦੇ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਇਸ ਦੋਸ਼ੀ ਨੇ ਤਰਨ ਤਾਰਨ ਵਿਖੇ ਇਕ ਏ.ਐੱਸ.ਆਈ. ਬਲਦੇਵ ਸਿੰਘ ਨੂੰ ਗੋਲੀ ਮਾਰੀ ਸੀ ਅਤੇ ਇਸ ਖ਼ਿਲਾਫ਼ ਤਰਨ ਤਾਰਨ ਵਿਚ ਪਰਚਾ ਦਰਜ ਸੀ | ਇਸ ਤੋਂ ਇਲਾਵਾ ਉਕਤ ਦੋਸ਼ੀ ਹੋਰ ਵੀ ਬਹੁਤ ਸਾਰੇ ਕੇਸਾਂ ਵਿਚ ਲੋੜੀਂਦਾ ਸੀ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਕਤ ਦੋਸ਼ੀ ਪਿੰਡ ਵਡਾਲਾ ਭਿੱਟੇਵੱਡ ਵਿਖੇ ਸੱਤੂ ਦੀ ਹਵੇਲੀ ਵਿਚ ਰਹਿ ਰਿਹਾ ਹੈ | ਇਸ ਨੂੰ ਕਾਬੂ ਕਰਨ ਲਈ ਏ.ਜੀ.ਟੀ.ਐੱਫ. ਵਲੋਂ ਡੀ.ਜੀ.ਪੀ. ਪੰਜਾਬ ਗੌਰਵ ਯਾਦਵ, ਏ.ਡੀ.ਜੀ.ਪੀ. ਪ੍ਰਮੋਦ ਬਾਨ, ਏ.ਆਈ.ਜੀ. ਸੰਦੀਪ ਗੋਇਲ ਵਲੋਂ ਐੱਸ.ਐੱਸ.ਪੀ. ਅੰਮਿ੍ਤਸਰ ਦਿਹਾਤੀ ਦੇ ਸਹਿਯੋਗ ਨਾਲ ਅਪ੍ਰੇਸ਼ਨ ਕੀਤਾ ਗਿਆ | ਪੁਲਿਸ ਦਾ ਘੇਰਾ ਵੇਖ ਕੇ ਦੋਸ਼ੀ ਨੇ ਪੁਲਿਸ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ | ਜਵਾਬੀ ਫਾਇਰਿੰਗ ਵਿਚ ਦੋਸ਼ੀ ਜ਼ਖ਼ਮੀ ਹੋ ਗਿਆ, ਜਿਸ ਨੂੰ ਗਿ੍ਫਤਾਰ ਕਰਕੇ ਪੁਲਿਸ ਹਸਪਤਾਲ ਲੈ ਗਈ ਹੈ | ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਹੈਪੀ ਜੱਟ ਗਰੁੱਪ ਨਾਲ ਸੰਬੰਧਿਤ ਸੀ | ਇਸ ਮੌਕੇ ਤੇ ਸਬ ਇੰਸਪੈਕਟਰ ਸ਼ਿਸ਼ਪਾਲ ਸਿੰਘ ਸਰਪੰਚ ਮਦਨ ਸਿੰਘ ਵਡਾਲਾ ਵੀ ਹਾਜ਼ਰ ਸਨ |