ਕੱਥੂਨੰਗਲ, 19 ਦਸੰਬਰ (ਦਲਵਿੰਦਰ ਸਿੰਘ ਰੰਧਾਵਾ)-ਹੋਈਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਸੱਤਾਧਾਰੀ ਪਾਰਟੀ ਦੇ ਆਗੂਆਂ ਤੇ ਪੁਲਿਸ ਪ੍ਰਸ਼ਾਸਨ ਤੇ ਹੋਰਨਾਂ ਅਧਿਕਾਰੀਆਂ ਨੇ ਧੱਕੇਸ਼ਾਹੀ ਦੇ ਸਾਰੇ ਰੀਕਾਰਡ ਤੋੜ ਦਿੱਤੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਹਲਕਾ ਇੰਚਾਰਜ ਮਜੀਠਾ ਭਗਵੰਤ ਪਾਲ ਸਿੰਘ ਸੱਚਰ ਨੇ ਬਲਾਕ ਸੰਮਤੀ ਸੋਹੀਆਂ ਕਲਾਂ ਤੋਂ ਕਾਂਗਰਸ ਦੇ ਜੇਤੂ ਉਮੀਦਵਾਰ ਮਨਪ੍ਰੀਤ ਕੌਰ ਤੇ ਪਿੰਡ ਵਾਸੀਆਂ ਨੂੰ ਆਪਣੇ ਦਫ਼ਤਰ ਕੱਥੂਨੰਗਲ ਵਿਚ ਸਨਮਾਨਿਤ ਕਰਨ ਉਪਰੰਤ ਕੀਤਾ, ਸੱਚਰ ਨੇ ਕਿਹਾ ਕਿ ਇਹ ਚੋਣਾਂ ਸਰਕਾਰ ਨੇ ਲੜੀਆਂ ਨਹੀਂ ਲੁੱਟੀਆਂ ਹਨ ਪਰ ਇਸਦਾ ਖ਼ਮਿਆਜ਼ਾ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਇਸ ਸਰਕਾਰ ਨੂੰ ਬੁਰੀ ਤਰ੍ਹਾਂ ਭੁਗਤਣਾ ਪਵੇਗਾ, ਹੰਕਾਰ ਨਾਲ ਭਰੇ ਇਸਦੇ ਆਗੂਆਂ ਦਾ ਹੰਕਾਰ ਲੋਕਤੰਤਰ ਵਿਚ ਵਿਸ਼ਵਾਸ ਰੱਖਣ ਵਾਲੇ ਲੋਕ 2027 ਵਿਚ ਇਨ੍ਹਾਂ ਦੀ ਫੱਟੀ ਪੋਚ ਕੇ ਦੱਸਣਗੇ, ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਵਲੋਂ ਮਜੀਠਾ, ਅਜਨਾਲਾ ਤੇ ਰਾਜਾਸਾਂਸੀ ਵਿਚ ਚੋਣਾਂ ਦਾ ਬਾਈਕਾਟ ਕੀਤਾ ਗਿਆ ਸੀ ਪਰ ਤਕਨੀਕੀ ਕਾਰਨਾਂ ਕਰਕੇ ਆਖ਼ਰੀ ਦਿਨ ਕਾਗਜ਼ ਵਾਪਸ ਨਾ ਲੈ ਸਕਣ ਕਰਕੇ ਚੋਣ ਲੜਨ ਦਾ ਫੈਸਲਾ ਕੀਤਾ ਗਿਆ ਤੇ ਕਾਂਗਰਸ ਨੇ ਇੱਕ ਹੀ ਸੀਟ 'ਤੇ ਚੋਣ ਲੜੀ ਤੇ ਇੱਕ ਸੀਟ ਤੋਂ ਹੀ ਇਨ੍ਹਾਂ ਦੀ ਧੱਕੇਸ਼ਾਹੀ ਦੇ ਬਾਵਜੂਦ ਕਾਂਗਰਸ ਪਾਰਟੀ ਵੱਡੇ ਫ਼ਰਕ ਨਾਲ ਜਿੱਤੀ | ਇਸ ਬਾਰੇ ਗੱਲਬਾਤ ਕਰਦਿਆਂ ਜੱਜਬੀਰ ਸੋਹੀਆਂ ਨੇ ਕਿਹਾ ਕਿ ਅਸੀਂ ਆਪਣੇ ਵੱਡੇ ਭਰਾ ਹਲਕਾ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਦੀ ਅਗਵਾਈ ਵਿਚ ਦਿਨ ਰਾਤ ਮਿਹਨਤ ਕਰਕੇ 2027 ਵਿਚ ਇਸ ਹਲਕੇ ਵਿਚ ਕਾਂਗਰਸ ਦੀ ਜਿੱਤ ਦਾ ਝੰਡਾ ਗੱਡਾਂਗੇ ਤੇ ਸਾਰਿਆਂ ਦੇ ਭਰਮ ਭੁਲੇਖੇ ਦੂਰ ਕਰਾਂਗੇ | ਇਸ ਮੌਕੇ ਬਲਾਕ ਕਾਂਗਰਸ ਮਜੀਠਾ ਦੇ ਪ੍ਰਧਾਨ ਨਵਤੇਜ ਪਾਲ ਸਿੰਘ ਸੋਹੀਆ, ਗੁਰਪ੍ਰੀਤ ਸਿੰਘ ਗੋਪੀ, ਸੁਖਦੇਵ ਸਿੰਘ, ਬਲਜੀਤ ਸਿੰਘ ਵਿਰਕ, ਮੈਂਬਰ ਸੁਖਦੇਵ ਸਿੰਘ, ਪ੍ਰਗਟ ਸਿੰਘ ਸੁਲਤਾਨਵਿੰਡੀਆ, ਮਨਪ੍ਰੀਤ ਸਿੰਘ ਸੋਹੀ, ਸੁਖਵਿੰਦਰ ਸਿੰਘ ਮੈਬਰ, ਸਰਪੰਚ ਸ਼ਮਸ਼ੇਰ ਸਿੰਘ ਬਾਬੋਵਾਲ ਵੀ ਹਾਜ਼ਰ ਸਨ |