ਰਈਆ, 20 ਦਸੰਬਰ (ਸ਼ਰਨਬੀਰ ਸਿੰਘ ਕੰਗ)-ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਮੈਮੋਰੀਅਲ ਕਾਲਜ ਫਾਰ ਵੂਮੈਨ ਰਈਆ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਰਹਿਨੁਮਾਈ ਅਤੇ ਪ੍ਰੋ. ਡਾ. ਸਰੋਜ ਅਰੋੜਾ, ਡੀਨ ਕਾਲਜ ਵਿਕਾਸ ਕੌਂਸਲ ਦੀ ਅਗਵਾਈ ਹੇਠ ਕਾਲਜ ਵਿਚ ਐੱਨ. ਐੱਸ. ਐੱਸ. ਯੂਨਿਟ ਵਲੋਂ ਛੇ ਦਿਨਾਂ ਦੇ ਕੈਂਪ ਦੀ ਪਹਿਲੇ ਦਿਨ ਸ਼ੁਰੂਆਤ ਕੀਤੀ ਗਈ | ਕੈਂਪ ਦੇ ਪਹਿਲੇ ਦਿਨ ਕਾਲਜ ਪਿ੍ੰਸੀਪਲ ਡਾ. ਅਨੂ ਕਪਿਲ ਵਲੋਂ ਕੈਂਪ ਦਾ ਉਦਘਾਟਨ ਕੀਤਾ ਗਿਆ ਅਤੇ ਵਿਦਿਆਰਥਣਾਂ ਨੂੰ ਐੱਨ.ਐੱਸ.ਐੱਸ. ਦੀ ਮਹੱਤਵ ਤੋਂ ਜਾਣੂ ਕਰਵਾ ਕੇ ਆਪਣੇ ਅੰਦਰ ਜ਼ਿੰਮੇਵਾਰ ਨਾਗਰਿਕ ਬਣਨ ਦੀ ਭਾਵਨਾ ਪੈਦਾ ਕਰਨ ਨੂੰ ਕਿਹਾ ਗਿਆ | ਕੈਂਪ ਦੌਰਾਨ ਵਿਦਿਆਰਥਣਾਂ ਵਲੋਂ ਦੇਸ਼ ਭਗਤੀ ਅਤੇ ਸਮਾਜਿਕ ਚੇਤਨਾ ਨਾਲ ਸੰਬੰਧਿਤ ਭਾਸ਼ਣ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ | ਇਸ ਮੌਕੇ ਐੱਨ.ਐੱਸ.ਐੱਸ. ਦੇ ਕੋਆਰਡੀਨੇਟਰ ਅਸਿ. ਪ੍ਰੋ. ਦਲਜੀਤ ਕੌਰ ਅਤੇ ਅਸਿ. ਪ੍ਰੋ. ਵੰਦਨਾ ਨੇ ਕਿਹਾ ਕਿ ਕੈਂਪ ਦੇ ਆਉਣ ਵਾਲੇ ਦਿਨਾਂ ਵਿਚ ਵੱਖ-ਵੱਖ ਸਮਾਜਿਕ, ਸੱਭਿਆਚਾਰਕ ਅਤੇ ਜਾਗਰੂਕਤਾ ਨਾਲ ਸੰਬੰਧਿਤ ਗਤੀਵਿਧੀਆਂ ਕਰਵਾਈਆਂ ਜਾਣਗੀਆਂ | ਇਸ ਮੌਕੇ ਫੇਰੂਮਾਨ ਟਰੱਸਟ ਅਤੇ ਕਾਲਜ ਦੇ ਪ੍ਰਧਾਨ ਮੈਡਮ ਸਤਨਾਮ ਕੌਰ ਸੇਖੋਂ ਵਲੋਂ ਐੱਨ.ਐੱਸ.ਐੱਸ. ਕੈਂਪ ਲਈ ਸ਼ੁਭ ਇੱਛਾਵਾਂ ਦਿੱਤੀਆਂ |