ਅਜਨਾਲਾ, 20 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਰੋਖੇ ਵਿਖੇ ਅੱਜ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ ਮੈਂਬਰ ਪੰਚਾਇਤ ਵਰਿੰਦਰ ਸਿੰਘ ਵਿਜੇ ਕਾਂਗਰਸ ਪਾਰਟੀ ਨੂੰ ਆਖਰੀ ਫਤਿਹ ਬੁਲਾ ਕੇ ਆਪਣੇ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਿਆ | ਇਸ ਮੌਕੇ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਉਚੇਚੇ ਤੌਰ 'ਤੇ ਪਹੁੰਚੇ 'ਆਪ' ਪੰਜਾਬ ਦੇ ਮੁੱਖ ਬੁਲਾਰੇ ਤੇ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਵਰਿੰਦਰ ਸਿੰਘ ਵਿਜੇ ਨੂੰ ਪਾਰਟੀ 'ਚ ਆਉਣ 'ਤੇ ਜੀ ਆਇਆਂ ਆਖਦਿਆਂ ਪਾਰਟੀ ਚਿੰਨ ਵਾਲਾ ਮਫਲਰ ਭੇਟ ਕਰਕੇ ਸਨਮਾਨਿਤ ਕੀਤਾ | ਇਸ ਤੋਂ ਪਹਿਲਾਂ ਵਿਧਾਇਕ ਧਾਲੀਵਾਲ ਨੇ ਗਿਰਜਾਘਰ ਦੀ ਇਮਾਰਤ ਦੇ ਨਵੀਨੀਕਰਨ ਲਈ ਆਪਣੇ ਅਖਤਿਆਰੀ ਕੋਟੇ ਵਿਚੋਂ ਦਿੱਤੇ 5 ਲੱਖ ਰੁਪਏ ਨਾਲ ਹੋਏ ਕਾਰਜਾਂ ਦੇ ਉਦਘਾਟਨੀ ਸਮਾਰੋਹ ਵਿਚ ਸ਼ਿਰਕਤ ਕੀਤੀ ਅਤੇ ਪਿੰਡ ਦੀਆਂ ਬਜ਼ੁਰਗ ਮਹਿਲਾਵਾਂ ਕੋਲੋਂ ਅਸ਼ੀਰਵਾਦ ਵੀ ਲਿਆ | ਇਸ ਦੌਰਾਨ ਗੱਲਬਾਤ ਕਰਦਿਆਂ ਸ. ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੀਤੇ ਜਾ ਰਹੇ ਕੰਮਾਂ, ਸੂਬਾ ਸਰਕਾਰ ਦੀ ਕਾਰਗੁਜ਼ਾਰੀ ਅਤੇ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਹਰੇਕ ਸੂਝਵਾਨ ਪੰਜਾਬੀ 'ਆਪ' ਵਿਚ ਸ਼ਾਮਿਲ ਹੋਣ ਲਈ ਬੇਤਾਬ ਹੈ | ਇਸ ਮੌਕੇ ਫਾਦਰ ਜੋਸ਼ ਇਲੀਕਲ, ਸਰਪੰਚ ਬਲਜਿੰਦਰ ਕੌਰ, ਬਲਜੀਤ ਸਿੰਘ ਰੋਖੇ, ਮਾਨਵਦੀਪ ਸਿੰਘ ਰੋਖੇ, ਸੁਖਦੇਵ ਸਿੰਘ, ਕੁਲਵੰਤ ਸਿੰਘ, ਅੰਮਿ੍ਤਪਾਲ ਸਿੰਘ, ਸੁਖਵਿੰਦਰ ਕੌਰ, ਬਲਜੀਤ ਸਿੰਘ, ਨੰਬਰਦਾਰ ਅਜੀਤ ਸਿੰਘ, ਮਲੂਕ ਮਸੀਹ, ਪਵਨ ਮਸੀਹ, ਸੋਨੂ, ਸਰਬਜੀਤ ਸਾਬੀ, ਸੋਨੂ, ਅਨਵਰ ਮਸੀਹ, ਡਾ. ਬਲਦੇਵ ਸਿੰਘ, ਬਲਜਿੰਦਰ ਸਿੰਘ ਥਾਣੇਦਾਰ, ਮਾਸਟਰ ਕੰਵਲਜੀਤ ਸਿੰਘ, ਰਾਹੁਲ, ਪਿ੍ੰਸ ਚੌਧਰੀ, ਵਿਜੇ ਵਿਕਟਰ, ਦਿਲਬਾਗ ਸਿੰਘ, ਸਵਿੰਦਰ ਸਿੰਘ ਨਿਹੰਗ, ਤਰਸੇਮ ਲਾਲ, ਭੋਲਾ ਲੱਧਰ ਰੋਖਾ, ਮੁਸਤਾਕ ਮਸੀਹ, ਲਖਵਿੰਦਰ ਸਿੰਘ ਠੇਕੇਦਾਰ ਅਤੇ ਗੁਰਮੇਲ ਸਿੰਘ ਆਦਿ ਹਾਜ਼ਰ ਸਨ |