ਨਵਾਂ ਪਿੰਡ, 20 ਦਸੰਬਰ (ਜਸਪਾਲ ਸਿੰਘ)-ਸਬਜ਼ੀ ਮੰਡੀ ਵੱਲ੍ਹਾ ਅੰਮਿ੍ਤਸਰ ਸਮੂਹ 'ਚ ਚੱਲ ਰਹੇ ਵਿਕਾਸ ਕਾਰਜਾਂ ਤੇ ਵਿਕਾਸ ਕਾਰਜਾਂ 'ਚ ਆਉਂਦੀਆਂ ਅਟਕਲਾਂ ਅਤੇ ਇਨ੍ਹਾਂ ਨੂੰ ਹੱਲ ਕਰਨ ਦੇ ਲਈ ਅੰਮਿ੍ਤਸਰ ਫਰੂਟ ਐਂਡ ਵੈਜ਼ੀਟੇਬਲ ਮਰਚੈਂਟ ਐਸੋਸੀਏਸ਼ਨ, ਸਬਜ਼ੀ ਮੰਡੀ ਵੱਲ੍ਹਾ (ਰਜਿ.) ਵਲੋਂ ਪ੍ਰਧਾਨ ਚਰਨਜੀਤ ਸਿੰਘ ਬੱਤਰਾ ਦੀ ਅਗਵਾਈ 'ਚ ਚੇਅਰਮੈਨ ਰਾਜਦੀਪ ਸਿੰਘ ਉਪਲ ਦੇ ਉਪਰਾਲੇ ਸਦਕਾ ਸੀਨੀਅਰ ਭਾਜਪਾ ਆਗੂ ਤਰਨਜੀਤ ਸਿੰਘ ਸੰਧੂ (ਸਮੁੰਦਰੀ) ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਅਹਿਮ ਮੀਟਿੰਗ ਕੀਤੀ ਗਈ | ਮੀਟਿੰਗ 'ਚ ਵਾਈਸ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਨਿਜ਼ਾਮਪੁਰ, ਜਨਰਲ ਸਕੱਤਰ ਜਤਿੰਦਰ ਖੁਰਾਨਾ, ਲਾਲੀ 30, ਗੌਰਵ 75, ਕਾਲਾ 63, ਗੋਲਡੀ 53 ਤੇ ਬਿੱਲਾ ਨਿਜਾਮਪੁਰ ਆਦਿ ਹਾਜ਼ਰ ਸਨ, ਵਲੋਂ ਸ. ਸੰਧੂ ਸਮੁੰਦਰੀ ਨੂੰ ਮੰਗ ਦਿੱਤਾ ਗਿਆ | ਇਸ ਸੰਬੰਧੀ ਪ੍ਰਧਾਨ ਬੱਤਰਾ ਤੇ ਵਾਈਸ ਪ੍ਰਧਾਨ ਹੈਪੀ ਨਿਜ਼ਾਮਪੁਰ ਨੇ 'ਅਜੀਤ' ਵਿਸ਼ੇਸ਼ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੱਛਲੇ ਦਿਨੀਂ ਉਹ ਸਮੂਹ ਆੜ੍ਹਤੀ ਭਰਾਵਾਂ ਦੇ ਸਹਿਯੋਗ ਨਾਲ ਮੰਡੀ ਬੋਰਡ ਅਧਿਕਾਰੀਆਂ ਨੂੰ ਮਿਲੇ ਸਨ ਤੇ ਮੰਡੀ 'ਚ ਹੋਣ ਵਾਲੇ ਕੰਮਾਂ ਬਾਰੇ ਉਨ੍ਹਾਂ ਨੂੰ ਜਾਣੰੂ ਕਰਵਾਇਆ ਗਿਆ ਸੀ | ਉਨ੍ਹਾਂ ਦੱਸਿਆ ਕਿ ਹੁਣ ਤੱਕ ਮੰਡੀ ਅੰਦਰ ਸ਼ੈੱਡ ਨੰਬਰ 2 ਤੋਂ ਲੈ ਕੇ 4 ਤੱਕ ਦੀਆਂ ਸ਼ੈੱਡਾਂ 'ਤੇ ਨਵੀਆਂ ਟੀਨਾਂ ਪਾਈਆਂ ਜਾ ਚੁੱਕੀਆਂ ਹਨ | ਇਸਦੇ ਨਾਲ ਹੀ ਸਾਰੀ ਮੰਡੀ ਤੇ ਸ਼ੈੱਡਾਂ 'ਚ ਨਵੀਆਂ ਸਰਚ ਲਾਈਟਾਂ ਲਗਵਾਈਆਂ ਜਾ ਰਹੀਆਂ ਹਨ | ਫਰੂਟ ਮੰਡੀ ਸ਼ੈੱਡ ਨੰਬਰ 6 ਕੋਲ ਨਵੀਂ ਸੜਕ ਦਾ ਨਿਰਮਾਣ ਚੱਲ ਰਿਹਾ ਹੈ | ਬਹੁਤ ਜਲਦ ਮੰਡੀ ਦੇ ਵਿਕਾਸ ਕਾਰਜ ਸੌ ਪ੍ਰਤੀਸ਼ਤ ਮੁਕੰਮਲ ਕਰ ਲਏ ਜਾਣਗੇ | ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਸ. ਸੰਧੂ (ਸਮੁੰਦਰੀ) ਨੂੰ ਸਬਜ਼ੀ ਮੰਡੀ ਦੇ ਨੇੜੇ ਫੌਜੀ ਛਾਉਣੀ ਡੀਫੈਂਸ ਬਾਰੇ ਜਾਣੂ ਕਰਵਾਉਂਦਿਆਂ ਉਨ੍ਹਾਂ ਨੂੰ ਫੌਜੀ ਡੀਫੈਂਸ ਏਰੀਆ ਨੂੰ 1000 ਗਜ਼ ਤੋਂ ਘਟਾ ਕੇ 300 ਕੀਤੇ ਜਾਣ ਦੀ ਲਿਖਤੀ ਤੌਰਤੇ ਪੁਰਜ਼ੋਰ ਮੰਗ ਕੀਤੀ | ਜਿਸ 'ਤੇ ਸ. ਸਮੁੰਦਰੀ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਦਿੱਲੀ ਜਾ ਕੇ ਕੇਂਦਰ ਦੀ ਭਾਜਪਾ ਸਰਕਾਰ ਨਾਲ ਇਸ ਵਿਸ਼ੇ ਬਾਰੇ ਗੱਲ ਕਰਨਗੇ ਤੇ ਯੂਨੀਅਨ ਨੂੰ ਦਿੱਲੀ ਬੁਲਾ ਕੇ ਜਲਦ ਇਸ ਦਾ ਹੱਲ ਕਰਵਾਉਣਗੇ |