ਚੋਗਾਵਾਂ, 25 ਦਸੰਬਰ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਚੱਕ ਮਿਸ਼ਰੀ ਖਾਂ ਵਿਖੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਘਰ 'ਤੇ ਹਮਲਾ ਕਰਕੇ ਔਰਤ ਦੀ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ | ਇਸ ਸੰਬੰਧੀ ਦੋਸ਼ ਲਗਾਉਂਦਿਆਂ ਪਿੰਡ ਚੱਕ ਮਿਸ਼ਰੀ ਖਾਂ ਦੇ ਸੁੰਦਰਪਾਲ ਸਿੰਘ ਨੇ ਦੱਸਿਆ ਉਨ੍ਹਾਂ ਦੀ ਪਿੰਡ ਦੇ ਹੀ ਹਰਦੀਪ ਸਿੰਘ ਨਾਲ ਕਮੇਟੀਆਂ ਦੇ ਪੈਸਿਆਂ ਨੂੰ ਲੈਣ ਦੇਣ ਸੀ | ਮੈਂ ਉਕਤ ਪੈਸੇ ਦੇਣ ਦਾ ਇਕਰਾਰ ਵੀ ਕੀਤਾ ਸੀ | ਪਰ ਉਹ ਮੈਨੂੰ ਧਮਕੀਆਂ ਦਿੰਦਾ ਸੀ | ਬੀਤੇ ਦਿਨੀਂ ਮੈਂ ਆਪਣੇ ਬੱਚਿਆਂ ਨੂੰ ਸਕੂਲੋਂ ਲੈਣ ਗਿਆ ਤਾਂ ਮੇਰੀ ਗ਼ੈਰ ਹਾਜ਼ਰੀ ਵਿਚ ਹਰਦੀਪ ਸਿੰਘ ਸਾਡੇ ਘਰ ਦਾਖਲ ਹੋ ਕੇ ਹਮਲਾ ਕੀਤਾ | ਮੇਰੀ ਪਤਨੀ ਭਿੰਦਰ ਕੌਰ ਦੀ ਕੁੱਟਮਾਰ ਕੀਤੀ | ਉਸਨੇ ਅੰਦਰ ਲੁਕ ਕੇ ਆਪਣੀ ਜਾਨ ਬਚਾਈ | ਇਸ ਸਬੰਧੀ ਪੁਲਿਸ ਥਾਣਾ ਲੋਪੋਕੇ ਵਿਖੇ ਲਿਖਤੀ ਦਰਖਾਸਤ ਦਿੱਤੀ ਗਈ ਹੈ | ਇਸ ਸਬੰਧੀ ਦੂਸਰੀ ਧਿਰ ਦੇ ਹਰਦੀਪ ਸਿੰਘ ਨੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੀ ਸੱਸ ਨੇ 3 ਲੱਖ ਦੀ ਕਮੇਟੀ ਸੁੰਦਰਪਾਲ ਸਿੰਘ ਵੱਲ ਪਾਈ ਸੀ | ਉਕਤ ਵਿਅਕਤੀ ਹੁਣ ਪੈਸੇ ਦੇਣ ਤੋਂ ਮੁਨਕਰ ਹੋ ਰਿਹਾ ਹੈ | ਜਿਸ ਕਰਕੇ ਮੇਰੀ ਸੱਸ ਸਦਮੇ ਵਿਚ ਹੈ ਤੇ ਹਸਪਤਾਲ ਦਾਖਲ ਹੈ | ਮੈਂ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕੀਤਾ | ਮੈਂ ਸਿਰਫ ਕਮੇਟੀ ਦੇ ਪੈਸੇ ਮੰਗ ਰਿਹਾ ਸੀ | ਇਸ ਸਬੰਧੀ ਏ.ਐਸ.ਆਈ. ਗੁਰਵੇਲ ਸਿੰਘ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਦਰਖਾਸਤ ਪ੍ਰਾਪਤ ਹੋਈ | ਛਾਣਬੀਣ ਕਰਕੇ ਕਾਰਵਾਈ ਕੀਤੀ ਜਾਵੇਗੀ |