ਸਮਾਣਾ, 31 ਮਈ (ਹਰਵਿੰਦਰ ਸਿੰਘ ਟੋਨੀ)-ਸਮਾਣਾ ਦੇ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਦੇ ਨੇੜੇ ਇਕ ਟਿੱਪਰ (ਮਿਕਸਰ) ਅਤੇ ਮੋਟਰਸਾਈਕਲ ਦੀ ਟੱਕਰ ਹੋ ਜਾਣ ਕਾਰਨ ਦੋ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ | ਜਿਨ੍ਹਾਂ ਨੂੰ ਲੋਕਾਂ ਨੇ ਇਲਾਜ ਦੇ ਲਈ ਸਮਾਣਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਹੈ | ਇਸ ਘਟਨਾ ਤੋਂ ਬਾਅਦ ਟਿੱਪਰ ਚਾਲਕ ਨੇ ਟਿੱਪਰ ਸਮੇਤ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਟਿੱਪਰ ਨੂੰ ਘੇਰਾ ਪਾ ਲਿਆ | ਟਿੱਪਰ ਚਾਲਕ ਟਿੱਪਰ ਛੱਡ ਕੇ ਫ਼ਰਾਰ ਹੋਣ 'ਚ ਸਫਲ ਹੋ ਗਿਆ | ਇਸ ਘਟਨਾ ਦੇ ਸੰਬੰਧ 'ਚ ਮਿਲੀ ਜਾਣਕਾਰੀ ਅਨੁਸਾਰ ਸ਼ਗਨਦੀਪ ਸਿੰਘ ਵਾਸੀ ਪਿੰਡ ਗਾਜੇਵਾਸ ਅਤੇ ਯੁਗੇਸ਼ ਕੁਮਾਰ ਵਾਸੀ ਪਿੰਡ ਕੁਤਬਣਪੁਰ ਪਾਤੜਾਂ ਵਾਲੀ ਸਾਈਡ ਤੋਂ ਭਵਾਨੀਗੜ੍ਹ ਵਾਲੀ ਸਾਈਡ ਨੂੰ ਜਾ ਰਹੇ ਸਨ ਤਾਂ ਇਨ੍ਹਾਂ ਦਾ ਟਿੱਪਰ (ਮਿਕਸਚਰ) ਦੇ ਨਾਲ ਐਕਸੀਡੈਂਟ ਹੋ ਗਿਆ | ਜਿਸ ਦੇ ਵਿਚ ਇਨ੍ਹਾਂ ਦੋਵਾਂ ਵਿਅਕਤੀਆਂ ਦੇ ਗੰਭੀਰ ਸੱਟਾਂ ਲੱਗੀਆਂ | ਸਿਵਲ ਹਸਪਤਾਲ ਸਮਾਣਾ ਦੇ ਡਾਕਟਰਾਂ ਨੇ ਦੋਵਾਂ ਨੂੰ ਮੁਢਲੀ ਡਾਕਟਰੀ ਸਹਾਇਤਾ ਦਿੱਤੀ ਪਰ ਯੁਗੇਸ਼ ਕੁਮਾਰ ਦੇ ਸੱਟਾਂ ਜ਼ਿਆਦਾ ਲੱਗਣ ਕਾਰਨ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫ਼ਰ ਕਰ ਦਿੱਤਾ | ਸਮਾਣਾ ਸਿਟੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |