ਲਾਲੜੂ, 31 ਮਈ (ਰਾਜਬੀਰ ਸਿੰਘ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ 2 ਦਸੰਬਰ ਵਾਲੇ ਹੁਕਮਨਾਮੇ ਨੂੰ ਅਣਦੇਖਿਆ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਚੁਣੌਤੀ ਪੇਸ਼ ਕਰਦਿਆਂ ਸਥਾਨਕ ਗਲਾਸ ਪੈਲੇਸ ਘੋਲੂਮਾਜਰਾ ਵਿਖੇ ਇਕ ਪ੍ਰਭਾਵਸ਼ਾਲੀ ਇਕੱਤਰਤਾ ਹੋਈ | ਹਲਕਾ ਡੇਰਾਬੱਸੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨਿਰਮੈਲ ਸਿੰਘ ਜੌਲਾ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸੰਬੰਧੀ ਕਰਵਾਏ ਸਮਾਗਮ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇ. ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਲਈ ਗਠਿਤ ਕਮੇਟੀ 'ਚ ਸ਼ਾਮਿਲ ਮਨਪ੍ਰੀਤ ਸਿੰਘ ਇਆਲੀ ਤੇ ਇਕਬਾਲ ਸਿੰਘ ਝੂੰਦਾਂ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ ਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਸ਼ਿਰਕਤ ਕੀਤੀ | ਇਸ ਮੌਕੇ ਸਾਬਕਾ ਜਥੇ. ਹਰਪ੍ਰੀਤ ਸਿੰਘ ਨੇ ਕਿਹਾ ਕਿ ਬਾਦਲ ਗਰੁੱਪ ਨੇ ਹਾਲੇ ਵੀ ਬੀਤੇ ਘਟਨਾਕ੍ਰਮ ਤੋਂ ਸਬਕ ਨਹੀਂ ਲਿਆ ਅਤੇ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜਥੇ. ਕੁਲਦੀਪ ਸਿੰਘ ਗੜਗੱਜ ਰਾਹੀਂ 5 ਮੈਂਬਰੀ ਕਮੇਟੀ ਨੂੰ ਭੰਗ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ, ਜਦ ਕਿ ਉਹ ਸੰਗਤ ਨੂੰ ਅਪੀਲ ਕਰਦੇ ਹਨ ਕਿ ਪੰਥ ਤੇ ਪੰਜਾਬ ਦੇ ਭਲੇ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਹਿੱਤ ਅਸੀਂ ਤੁਰਦੇ ਰਹਿਣਾ ਹੈ ਅਤੇ ਕਿਸੇ ਵੀ ਚਾਲ 'ਚ ਆ ਕੇ ਰੁਕਣਾ ਨਹੀਂ | ਉਨ੍ਹਾਂ ਪੰਜਾਬ ਦੇ ਸਾਰੇ ਵਰਗਾਂ ਨੂੰ ਪੰਜਾਬ ਪੱਖੀ ਭਾਵਨਾ ਰੱਖਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਦੀ ਪਛਾਣ ਵਜੋਂ ਪੰਜਾਬ ਦੀਆਂ ਪੰਥਕ ਰਿਵਾਇਤਾਂ, ਪੰਜਾਬ ਯੂਨੀਵਰਸਿਟੀ, ਪੰਜਾਬ ਦੇ ਪਾਣੀ ਤੇ ਪੰਜਾਬ ਦੀਆਂ ਸੰਸਥਾਵਾਂ ਹੀ ਨਾ ਬਚੀਆਂ ਤਾਂ ਫਿਰ ਅਸੀਂ ਵੀ ਨਹੀਂ ਬਚਣਾ | ਉਨ੍ਹਾਂ ਕਿਹਾ ਕਿ ਅੱਜ ਦੇ ਸਮਾਗਮ ਦੌਰਾਨ ਕਈ ਸਾਲਾਂ ਬਾਅਦ ਹਲਕੇ 'ਚ ਪੰਥਕ ਰੰਗ ਵੇਖਣ ਨੂੰ ਮਿਲਿਆ | ਸਾਬਕਾ ਜਥੇ. ਹਰਪ੍ਰੀਤ ਸਿੰਘ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਭਰਤੀ ਸੰਬੰਧੀ ਉਨ੍ਹਾਂ ਦੇ ਰਾਹ 'ਚ ਅੜਿੱਕੇ ਪੈਦਾ ਕੀਤੇ ਗਏ ਤਾਂ ਉਹ ਦੁੱਗਣੀ ਤਾਕਤ ਨਾਲ ਲੋਕਾਂ ਦੇ 'ਚ ਜਾਣਗੇ | ਇਸ ਤੋਂ ਬਾਅਦ ਮਨਪ੍ਰੀਤ ਸਿੰਘ ਇਆਲੀ, ਇਕਬਾਲ ਸਿੰਘ ਝੂੰਦਾਂ, ਸੁਰਜੀਤ ਸਿੰਘ ਰੱਖੜਾ ਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਭਰਤੀ ਕਮੇਟੀ 'ਤੇ ਦੋ ਵੱਡੀਆਂ ਜ਼ਿੰਮੇਵਾਰੀਆਂ ਹਨ, ਜਿਨ੍ਹਾਂ 'ਚ ਪੰਥਕ ਪ੍ਰੰਪਰਾਵਾਂ ਦੀ ਬਹਾਲੀ ਤੇ ਸਰਵਉੱਚਤਾ ਕਾਇਮ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਰਾਹੀਂ ਪੰਜਾਬ ਤੇ ਪੰਥ ਦੀ ਝੋਲੀ 'ਚ ਮਜਬੂਤ ਲੀਡਰਸ਼ਿਪ ਪਾਉਣਾ ਵੀ ਸ਼ਾਮਿਲ ਹੈ | ਉਨ੍ਹਾਂ ਕਿਹਾ ਕਿ ਹੁਣ ਬਾਦਲ ਗਰੁੱਪ ਸਿੱਖ ਤੇ ਕਿਸਾਨ ਪੱਖੀ ਹੋਣ ਦੇ ਦਾਅਵੇ ਕਰ ਰਿਹਾ ਹੈ, ਜਦ ਕਿ ਇਨ੍ਹਾਂ ਨੇ ਸੱਤਾ 'ਚ ਹੁੰਦਿਆਂ ਸਭ ਤੋਂ ਵੱਧ ਨੁਕਸਾਨ ਸਿੱਖੀ ਤੇ ਕਿਸਾਨੀ ਦਾ ਕੀਤਾ ਹੈ | ਉਨ੍ਹਾਂ ਕਿਹਾ ਕਿ ਸ਼ੌਹਰਤਾਂ ਬਦਲੇ ਪੰਜਾਬ ਦੇ ਪਾਣੀ ਨੂੰ ਦਾਅ 'ਤੇ ਲਗਾਇਆ ਗਿਆ ਹੈ | ਸਮਾਗਮ 'ਚ ਸ਼ੋ੍ਰਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ | ਇਸ ਮੌਕੇ ਜਗਦੇਵ ਸਿੰਘ ਜੱਗੀ ਚੌਂਦਾ, ਸੁਰਿੰਦਰ ਸਿੰਘ ਧਰਮਗੜ੍ਹ, ਹਰਵਿੰਦਰ ਸਿੰਘ ਕਸੌਲੀ, ਜਸਵਿੰਦਰ ਸਿੰਘ ਧੀਰੇਮਾਜਰਾ, ਸੁਰਜੀਤ ਸਿੰਘ ਤਸਿੰਬਲੀ, ਦਵਿੰਦਰ ਸਿੰਘ ਨੰਬਰਦਾਰ, ਮਹਿੰਦਰ ਸਿੰਘ ਜਲਾਲਪੁਰ, ਨੈਬ ਸਿੰਘ ਬਾਜਵਾ, ਤਰਲੋਚਨ ਸਿੰਘ, ਜਸਵਿੰਦਰ ਮਲਕਪੁਰ, ਗੁਰਮੀਤ ਸਿੰਘ, ਦਵਿੰਦਰ ਸਿੰਘ ਵਜੀਦਪੁਰ, ਹਰਪ੍ਰੀਤ ਸਿੰਘ ਅਮਲਾਲਾ, ਅਰਵਿੰਦਰ ਸਿੰਘ ਬਾਵਾ, ਅਵਤਾਰ ਸਿੰਘ ਜਵਾਹਰਪੁਰ, ਮਨਜੀਤ ਸਿੰਘ ਜੰਡਲੀ, ਕੁਲਦੀਪ ਸਿੰਘ ਮਾਲਣ, ਦਵਿੰਦਰ ਸਿੰਘ ਚਡਿਆਲਾ ਤੇ ਰਣਜੀਤ ਸਿੰਘ ਧੀਰੇਮਾਜਰਾ ਸਮੇਤ ਇਲਾਕੇ ਦੀਆਂ ਸਮੂਹ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨ, ਮੈਂਬਰ, ਪੰਚ-ਸਰਪੰਚ ਤੇ ਇਲਾਕਾ ਵਾਸੀ ਹਾਜ਼ਰ ਸਨ |