ਪਟਿਆਲਾ, 31 ਮਈ (ਧਰਮਿੰਦਰ ਸਿੰਘ ਸਿੱਧੂ)-ਨੈਸ਼ਨਲ ਥੀਏਟਰ ਆਰਟਸ ਸੋਸਾਇਟੀ (ਨਟਾਸ) ਪਦਮ ਸ੍ਰੀ ਅਵਾਰਡੀ ਪ੍ਰਾਣ ਸਭਰਵਾਲ-ਸੁਨੀਤਾ ਸਭਰਵਾਲ ਵਲੋਂ ਪੰਜਾਬ ਭਾਸ਼ਾ ਵਿਭਾਗ ਦੇ ਸਹਿਯੋਗ ਨਾਲ 3 ਜੂਨ ਤੋਂ ਭਾਸ਼ਾ ਵਿਭਾਗ ਰਿਸੈੱਪਸ਼ਨ ਹਾਲ ਵਿਖੇ 21 ਦਿਵਸੀ ਜਾਗਰੂਕਤਾ ਥੀਏਟਰ ਵਰਕਸ਼ਾਪ ਲਈ ਆਯੋਜਿਤ ਪਿ੍ਥਵੀ ਰਾਜ ਕਪੂਰ ਪ੍ਰਤਿਭਾ ਖੋਜ ਆਡੀਸ਼ਨ/ਰਜਿਸਟਰੇਸ਼ਨ ਸਮਾਗਮ 'ਚ ਵਰਕਸ਼ਾਪ ਕਨਵੀਨਰ ਨਟਾਸ ਡਾਇਰੈਕਟਰ ਪ੍ਰਾਣ ਸਭਰਵਾਲ ਜੱਜ ਐਮ.ਐਸ. ਜੱਗੀ (ਥੀਏਟਰ), ਗਿੱਲ ਦੀਪ (ਟਿੱਮੀ) ਨੇ ਸ਼ਾਮਲ ਸਿੱਖਿਆਰਥੀਆਂ ਅਤੇ ਟ੍ਰੇਨਰਜ ਨੂੰ ਵਧਾਈ ਦਿੱਤੀ ਅਤੇ ਸਫਲਤਾ ਲਈ ਸ਼ੁਭ ਇਛਾਵਾਂ ਭੇਂਟ ਕੀਤੀਆਂ | ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਾਹਿਤ ਕਲਾ, ਰੰਗਮੰਚ ਅਤੇ ਸਪੋਰਟਸ ਆਦਿ ਵਿਚ ਭਾਗ ਲੈਣਾ, ਚਰਿੱਤਰ ਵਿਕਾਸ ਲਈ ਆਵਸ਼ਕ ਹੈ | ਉਨ੍ਹਾਂ ਨੇ ਆਪਣੇ ਜੀਵਨ ਭਰ ਦੇ ਅਨੁਭਵ ਬਿਆਨ ਕਰਦਿਆਂ ਦੱਸਿਆ ਕਿ ਥੀਏਟਰ ਬੰਦੇ ਦੀਆਂ ਛੁਪੀਆਂ ਸ਼ਕਤੀਆਂ ਨੂੰ ਉਜਾਗਰ ਕਰਨ, ਸਮਾਜ ਵਿਚ ਵਿਚਰਨ ਅਤੇ ਜੀਵਨ ਵਿਚ ਸਫਲਤਾ ਪ੍ਰਾਪਤ ਕਰਨ ਲਈ ਪ੍ਰੇਰਨਾ ਦਿੰਦਾ ਹੈ | ਉਨ੍ਹਾਂ ਨੇ ਕਿਹਾ ਕਿ ਉਹ ਨਟਾਸ ਨਾਲ ਪਿਛਲੇ ਕਈ ਸਾਲਾਂ ਤੋਂ ਜੁੜੇ ਆ ਰਹੇ ਹਨ ਅਤੇ ਪੰਜਾਬੀ ਭਾਸ਼ਾ, ਰੰਗਮੰਚ, ਸਭਿਆਚਾਰ ਅਤੇ ਵਿਰਾਸਤ ਨੂੰ ਫੈਲਾਉਂਦੇ ਆ ਰਹੇ ਹਨ | ਇਸ ਅਵਸਰ 'ਤੇ ਨਟਾਸ ਡਾਇਰੈਕਟਰ ਪ੍ਰਾਣ ਸਭਰਵਾਲ ਨੇ ਪ੍ਰਧਾਨ ਗੁਰਬਚਨ ਸਿੰਘ ਕੱਕੜ ਵਲੋਂ ਜੱਜ ਨੂੰ ਅਵਾਰਡ ਆਫ ਆਨਰ, ਮੋਮੈਂਟੋ, ਸ਼ਾਲ ਅਤੇ ਉਪਹਾਰ ਭੇਂਟ ਕਰਕੇ ਸਨਮਾਨਿਤ ਕੀਤਾ | ਇਸ ਤੋਂ ਪਹਿਲਾਂ ਹਾਜ਼ਰ ਹਸਤੀਆਂ ਨੇ ਭਾਰਤੀ ਰੰਗਮੰਚ ਅਤੇ ਹਿੰਦੁਸਤਾਨੀ ਫ਼ਿਲਮਾਂ ਦੇ ਮੋਢੀ ਸਵ. ਪਾਪਾ ਪਿ੍ਥਵੀ ਰਾਜ ਕਪੂਰ ਨੂੰ ਸ਼ਰਧਾਂਜਲੀ ਭੇਂਟ ਕੀਤੀ | ਸਭਰਵਾਲ ਨੇ ਡਾਇਰੈਕਟਰ ਭਾਸ਼ਾਵਾਂ ਡਾ. ਜਸਵੰਤ ਸਿੰਘ ਜ਼ਫ਼ਰ ਵਲੋਂ ਮਿਲੀ ਸਰਪ੍ਰਸਤੀ ਅਤੇ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਸਤਨਾਮ ਸਿੰਘ ਵਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ |