ਪਾਤੜਾਂ, 31 ਮਈ (ਜਗਦੀਸ਼ ਸਿੰਘ ਕੰਬੋਜ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਕੀਤੇ ਗਏ ਵਾਅਦੇ ਨੂੰ ਪੂਰਾ ਕਰਦਿਆਂ ਹਰ ਸਾਲ ਐਮ.ਐਸ.ਪੀ ਵਿਚ ਵਾਧਾ ਕਰਕੇ ਕਿਸਾਨ ਪੱਖੀ ਹੋਣ ਦਾ ਸਬੂਤ ਦਿੱਤਾ ਜਾ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਪਟਿਆਲਾ ਜ਼ਿਲ੍ਹਾ ਪ੍ਰਧਾਨ ਸੋਨੂੰ ਮਿੱਤਲ ਨੇ ਪਾਤੜਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਆਪਣੀ ਫੋਕੀ ਰਾਜਨੀਤੀ ਚਮਕਾਉਣ ਲਈ ਹਮੇਸ਼ਾ ਭਾਜਪਾ ਨੂੰ ਕਿਸਾਨ ਵਿਰੋਧੀ ਕਹਿ ਕੇ ਭੰਡਦੀਆਂ ਆ ਰਹੀਆਂ ਹਨ | ਜਦੋਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੀ ਕੇਂਦਰ 'ਚ ਸਰਕਾਰ ਆਈ ਹੈ ਇਸ ਨੇ ਚੋਣਾਂ ਦੌਰਾਨ ਕਿਸਾਨਾਂ ਨਾਲ ਉਨ੍ਹਾਂ ਦੀਆਂ ਫ਼ਸਲਾਂ ਦੁੱਗਣੀਆਂ ਕਰਨ ਦੀ ਵਾਅਦਾ ਕੀਤਾ ਗਿਆ ਸੀ, ਜਿਸ ਨੂੰ ਪੂਰਾ ਕਰਦਿਆਂ ਹਰ ਸਾਲ ਕੇਂਦਰ ਸਰਕਾਰ ਵਲੋਂ ਕਿਸਾਨਾਂ ਦੀਆਂ ਫ਼ਸਲਾਂ 'ਤੇ ਐਮ.ਐਸ.ਪੀ 'ਚ ਵਾਧਾ ਕੀਤਾ ਜਾ ਰਿਹਾ ਹੈ ਅਤੇ ਜਿਨ੍ਹਾਂ ਵਾਧਾ ਹੁਣ ਤੱਕ ਭਾਜਪਾ ਨੇ ਫ਼ਸਲਾਂ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ ਉਨ੍ਹਾਂ ਵਾਧਾ 65 ਸਾਲਾਂ ਤੋਂ ਵੱਧ ਸਤ੍ਹਾ 'ਚ ਰਹੀ ਕਾਂਗਰਸ ਨਹੀ ਕੀਤਾ | ਇਸ ਵਾਰ ਕੇਂਦਰ ਸਰਕਾਰ ਨੇ ਝੋਨੇ ਦੀ ਕੀਮਤ ਵਿਚ 69 ਰੁਪਏ, ਜੌਂਆਂ ਦੀ ਕੀਮਤ ਵਿਚ 328 ਰੁਪਏ, ਬਾਜਰੇ ਦੀ 150, ਰਾਗੀ ਦੀ ਕੀਮਤ 'ਚ 596 ਰੁਪਏ ਪ੍ਰਤੀ ਕੁਇੰਟਲ ਅਤੇ ਹੋਰ ਬਹੁਤ ਸਾਰੀਆਂ ਫ਼ਸਲਾਂ ਦੇ ਸਮਰਥਨ ਮੁੱਲ ਵਿਚ ਕੀਤੇ ਗਏ ਵਾਧੇ ਦਾ ਦੇਸ਼ ਦੇ ਕਿਸਾਨਾਂ ਵਲੋਂ ਸਵਾਗਤ ਕੀਤਾ ਜਾ ਰਿਹਾ ਹੈ | ਮਿੱਤਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਦੇ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਤਹਿਤ ਦੇਸ਼ ਦੀ ਰੀਡ ਦੀ ਹੱਡੀ ਕਿਸਾਨਾਂ ਦੀ ਭਲਾਈ ਲਈ ਵੀ ਬਹੁਤ ਸਾਰੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ | ਇਸ ਮੌਕੇ ਮੌਜੂਦ ਬਗੀਚਾ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਭਾਜਪਾ, ਸਤੀਸ਼ ਗਰਗ ਮੰਡਲ ਪ੍ਰਧਾਨ, ਨਰਿੰਦਰ ਕੁਮਾਰ, ਗਿਆਨ ਸਿੰਘ, ਜਗਦੀਸ਼ ਪੰਛੀ ਅਤੇ ਜਸਵਿੰਦਰ ਸੇਖੋਂ ਅਤੇ ਕਿ੍ਸ਼ਨ ਕੁਮਾਰ ਨੇ ਕੇਂਦਰ ਸਰਕਾਰ ਵਲੋਂ ਫ਼ਸਲਾਂ ਦੀਆਂ ਕੀਮਤਾਂ ਵਿਚ ਕੀਤੇ ਗਏ ਵਾਧੇ ਦਾ ਸਵਾਗਤ ਕੀਤਾ ਗਿਆ |