ਪਟਿਆਲਾ, 2 ਸਤੰਬਰ (ਮਨਦੀਪ ਸਿੰਘ ਖਰੌੜ)-ਆਧੁਨਿਕੀਕਰਨ ਨੇ ਜਿੱਥੇ ਹਰ ਵਿਅਕਤੀ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਇਆ ਹੈ ਉੱਥੇ ਹੀ ਇਸ ਦੇ ਦੁਰਉਪਯੋਗ ਕਰਨ ਵਾਲੇ ਵਿਅਕਤੀਆਂ ਨੇ ਇਸ ਦਾ ਕਮਾਈ ਦਾ ਸਾਧਨ ਬਣਾ ਕੇ ਲੋਕਾਂ ਦੇ ਮਿਹਨਤ ਦੀ ਕਮਾਈ ਨੂੰ ਆਨਲਾਈਨ ਤਰੀਕੇ ਨਾਲ ਠੱਗ ਰਹੇ ਹਨ | ਇਸੇ ਤਹਿਤ ਫਿਲੀਪਨਜ਼ 'ਚ ਬੈਠੇ ਸਾਈਬਰ ਠਗਾਂ ਨੇ ਲੋਕਾਂ ਦੇ ਬੈਂਕਾਂ ਖਾਤੇ, ਮੋਬਾਈਲ ਅਤੇ ਸਿੰਮ ਕਾਰਡ ਮੁਹੱਈਆ ਕਰਵਾਉਣ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ | ਇਸ ਸੰਬੰਧੀ ਐਸ.ਐਸ.ਪੀ. ਵਰੁਣ ਸ਼ਰਮਾ ਨੇ ਪੱਤਰਕਾਰਾਂ ਨੂੰ ਦਸਿਆ ਕਿ ਐਸ.ਪੀ. ਸਾਈਬਰ ਕ੍ਰਾਈਮ ਪਟਿਆਲਾ ਆਸਵੰਤ ਸਿੰਘ ਦੀ ਅਗਵਾਈ 'ਚ ਐਸ.ਐੱਚ.ਓ. ਥਾਣਾ ਸਾਈਬਰ ਕ੍ਰਾਈਮ ਇੰਸਪੈਕਟਰ ਤਰਨਦੀਪ ਕੌਰ ਨੇ ਅਜਿਹੇ ਗਰੋਹ ਦਾ ਪਰਦਾਫਾਸ਼ ਕੀਤਾ ਹੈ ਜਿਹੜੇ ਕਿ ਲੋਕਾਂ ਦੇ ਮੋਬਾਈਲ ਸਿੰਮਾਂ ਰਾਹੀਂ ਫਿਲੀਪੀਨਜ਼ ਦੇਸ਼ 'ਚ ਬੈਠੇ ਸਾਈਬਰ ਠਗਾਂ ਵਲੋਂ ਭੋਲੇ-ਭਾਲੇ ਲੋਕਾਂ ਨੂੰ ਫ਼ੋਨ ਰਾਹੀਂ ਉਨ੍ਹਾਂ ਨੂੰ ਡਿਜੀਟਲ ਅਰੈਸਟ ਦਾ ਡਰਾਵਾ ਦੇ ਕੇ ਜਾਂ ਨਿਵੇਸ਼ ਸਕੀਮਾਂ ਦਾ ਝਾਂਸਾ ਦੇ ਕੇ ਸਾਈਬਰ ਧੋਖਾਧੜੀ ਦਾ ਸ਼ਿਕਾਰ ਬਣਾ ਕੇ ਬੈਂਕ ਖਾਤਿਆਂ ਵਿਚ ਪੈਸੇ ਪੁਆ ਲੈਂਦੇ ਸੀ | ਫਿਰ ਇਸ ਪੈਸੇ ਨੂੰ ਹੋਰ ਬੈਂਕ ਖਾਤਿਆਂ ਵਿਚੋਂ ਘੁਮਾ ਕੇ ਕਢਵਾ ਲਿਆ ਜਾਂਦਾ ਸੀ | ਹੁਣ ਤੱਕ ਇਸ ਗਰੋਹ ਦੇ 4 ਮੈਂਬਰਾਂ ਨੂੰ ਗਿ੍ਫ਼ਤਾਰ ਕੀਤਾ ਜਾ ਚੁੱਕਿਆ ਹੈ | ਪੰਕਜ, ਅਰਸ਼ਦੀਪ ਅਤੇ ਮੰਗਾ ਸਿੰਘ ਵਾਸੀਅਨ ਪਟਿਆਲਾ ਵਲੋਂ ਚਲਾਇਆ ਜਾ ਰਿਹਾ ਇਹ ਗਰੋਹ ਭੋਲੇ-ਭਾਲੇ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਝਾਂਸਾ ਦੇ ਕੇ ਉਨ੍ਹਾਂ ਦੀ ਤਨਖ਼ਾਹ ਖਾਤੇ 'ਚ ਉਨ੍ਹਾਂ ਦੇ ਨਾਮ 'ਤੇ ਖੁਲ੍ਹਵਾ ਕੇ ਉਸ ਖਾਤੇ ਦਾ ਸਾਰਾ ਵੇਰਵਾ ਏ.ਟੀ.ਐਮ. ਕਾਰਡ ਅਤੇ ਨੈੱਟ ਬੈਂਕਿੰਗ ਦਾ ਵੇਰਵਾ ਆਪਣੇ ਕੋਲ ਰੱਖ ਲੈਂਦੇ ਸੀ | ਫਿਰ ਇਸ ਬੈਂਕ ਖਾਤੇ ਦਾ ਏ.ਟੀ.ਐਮ. ਕਾਰਡ ਅਤੇ ਦਾ ਵੇਰਵਾ ਫਿਲੀਪੀਨਜ਼ ਬੈਠੇ ਸਾਈਬਰ ਠਗਾਂ ਬਾਬੂ ਅਤੇ ਸੂਮੀ ਜੋ ਪੰਜਾਬੀ ਮੂਲ ਦੇ ਹਨ ਨੂੰ ਵੇਚ ਦਿੰਦੇ ਸੀ | ਇਨ੍ਹਾਂ ਵਲੋਂ ਇਕ ਸੇਵਿੰਗ ਬੈਂਕ ਖਾਤਾ 10,000 ਰੁਪਏ ਅਤੇ ਇਕ ਚਾਲੂ ਬੈਂਕ ਖਾਤਾ 40,000 ਰੁਪਏ ਵਿਚ ਵੇਚਿਆ ਜਾਂਦਾ ਸੀ | ਹੁਣ ਤੱਕ ਇਸ ਗੈਂਗ ਨੇ 30 ਤੋਂ ਵੱਧ ਬੈਂਕ ਖਾਤੇ ਫਿਲੀਪੀਨਜ਼ ਬੈਠੇ ਸਾਈਬਰ ਠਗਾਂ ਨੂੰ ਵੇਚੇ ਹਨ ਜਿਨ੍ਹਾਂ ਵਲੋਂ ਕੁਝ ਮਹੀਨਿਆਂ ਵਿਚ ਹੀ ਇਨ੍ਹਾਂ ਬੈਂਕ ਖਾਤਿਆਂ ਰਾਹੀਂ ਕਰੋੜਾਂ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ | ਇਨ੍ਹਾਂ ਬੈਂਕ ਖਾਤਿਆਂ ਵਿਚ ਹੋਏ ਲੈਣ-ਦੇਣ ਦੀ ਪੂਰੀ ਜਾਣਕਾਰੀ ਬੈਂਕਾਂ ਤੋਂ ਪ੍ਰਾਪਤ ਕੀਤੀ ਜਾ ਰਹੀ ਹੈ | ਇਸ ਗਰੋਹ ਨੇ ਚੌਰਾ ਰੋਡ ਵਿਖੇ ਕੁਝ ਸਮੇਂ ਲਈ ਇਕ ਅਣਅਧਿਕਾਰਤ ਡੀ-ਆਡੀਕਸ਼ਨ ਸੈਂਟਰ ਵੀ ਚਲਾਇਆ ਸੀ ਅਤੇ ਨਸ਼ਾ ਕਰਨ ਵਾਲਿਆ ਨੂੰ 500 ਰੁਪਏ ਪ੍ਰਤੀ ਸਿੰਮ ਦਾ ਲਾਲਚ ਦੇ ਕੇ ਉਨ੍ਹਾਂ ਦੇ ਨਾਵਾਂ 'ਤੇ ਨਵੇਂ ਸਿੰਮ ਕਾਰਡ ਖ਼ਰੀਦ ਲਏ | ਇਹ ਸਿੰਮ ਕਾਰਡ ਵੀ ਅੱਗੇ ਫਿਲੀਪੀਨਜ਼ ਬੈਠੇ ਸਾਈਬਰ ਠਗਾਂ ਨੂੰ ਵੇਚੇ ਜਾਂਦੇ ਸਨ ਅਤੇ ਕੋਰੀਅਰ ਰਾਹੀਂ ਟੀ-ਸ਼ਰਟ ਵਿਚ ਲੁਕਾ ਛੁਪਾ ਕੇ ਫਿਲੀਪੀਨਜ਼ ਭੇਜੇ ਜਾਂਦੇ ਸਨ | ਹੁਣ ਤੱਕ ਇਸ ਗੈਂਗ ਨੇ ਲਗਭਗ 50 ਸਿੰਮ ਕਾਰਡ ਫਿਲੀਪੀਨਜ਼ ਭੇਜੇ ਹਨ | ਇਹ ਸਿੰਮ ਕਾਰਡ ਸਾਈਬਰ ਠਗਾਂ ਵਲੋਂ ਭਾਰਤ ਵਿਚ ਲੋਕਾਂ ਨੂੰ ਕਾਲ ਕਰਨ ਲਈ ਵਰਤੇ ਜਾਂਦੇ ਹਨ | ਇਹ ਸਾਰੇ ਸਿੰਮ ਕਾਰਡ ਡਿਜੀਟਲ ਜ਼ੋਨ ਦੁਕਾਨ ਤੋਂ ਬਿਨਾਂ ਸਹੀ ਜਾਂਚ ਪੜਤਾਲ ਦੇ ਵੇਚੇ ਗਏ ਸਨ | ਇਸ ਦੁਕਾਨ ਦੇ ਮਾਲਕ ਬੀਰਬਲ ਨੂੰ ਵੀ ਗਿ੍ਫ਼ਤਾਰ ਕਰ ਲਿਆ ਗਿਆ ਹੈ | ਇਸ ਮਾਮਲੇ ਸੰਬੰਧੀ ਥਾਣਾ ਸਾਈਬਰ ਕ੍ਰਾਈਮ ਪਟਿਆਲਾ ਦਰਜ ਕਰਕੇ 4 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਫਿਲੀਪੀਨਜ਼ ਬੈਠੇ ਸਾਈਬਰ ਠੱਗ ਬਾਬੂ ਅਤੇ ਸੂਮੀ ਦੇ ਪੰਜਾਬ 'ਚ ਸੰਬੰਧਾਂ ਬਾਰੇ ਤਫ਼ਤੀਸ਼ ਕੀਤੀ ਜਾ ਰਹੀ ਹੈ |