ਪਾਤੜਾਂ, 2 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਘੱਗਰ ਦਰਿਆ ਦੇ ਹੜ੍ਹ ਦੀ ਮਾਰ ਦਾ ਝੰਬੇ ਪਿੰਡ ਅਰਨੇਟ ਦੇ ਕਿਸਾਨਾਂ ਤੇ ਇਸ ਵਾਰ ਫਿਰ ਹੜ੍ਹਾਂ ਦਾ ਖ਼ਤਰਾ ਮੰਡਰਾ ਰਿਹਾ ਹੈ | ਦਰਿਆ ਦੇ ਇਕ ਪਾਸੇ ਬੰਨ੍ਹ 'ਚੋਂ ਰਿਸ ਰਹੇ ਪਾਣੀ ਨੂੰ ਬੰਨ੍ਹਣ ਲਈ ਅਰਨੇਟੂ ਪਿੰਡ ਦੇ ਕਿਸਾਨਾਂ ਵਲੋਂ ਆਪਣੇ ਪੱਧਰ 'ਤੇ ਜੇਸੀਬੀ ਲਿਆ ਕੇ ਬੰਨ੍ਹਾਂ ਨੂੰ ਮਜ਼ਬੂਤ ਕੀਤੇ ਜਾਣ ਦੇ ਯਤਨ ਕੀਤੇ ਜਾ ਰਹੇ ਹਨ | ਪੰਜਾਬ ਸਰਕਾਰ ਵਲੋਂ ਕੋਈ ਵੀ ਸਹਾਇਤਾ ਨਾਂ ਕੀਤੇ ਜਾਣ ਦੇ ਦੋਸ਼ ਲਾ ਰਹੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਸੁਣਨ ਲਈ ਪੁੱਜੇ ਅਕਾਲੀ ਦਲ ਦੇ ਪਟਿਆਲਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਜਗਮੀਤ ਸਿੰਘ ਹਰਿਆਉ ਨੇ ਕਿਸਾਨਾਂ ਵਲੋਂ ਬੰਨ੍ਹ ਨੂੰ ਬੰਨ੍ਹਣ ਲਈ ਵਰਤੀ ਜਾ ਰਹੀ ਜੇਸੀਬੀ ਲਈ 400 ਲੀਟਰ ਡੀਜ਼ਲ ਤੁਰੰਤ ਪਹੁੰਚਾਉਣ ਦਾ ਐਲਾਨ ਕੀਤਾ ਗਿਆ | ਪਿੰਡ ਅਰਨੇਟ ਦੇ ਕਿਸਾਨਾਂ ਨੇ ਦੱਸਿਆ ਕਿ ਹਰ ਵਾਰ ਘੱਗਰ ਦਰਿਆ ਉਨ੍ਹਾਂ ਦੀ ਫਸਲਾਂ ਮਾਰਦਾ ਆ ਰਿਹਾ ਹੈ ਇਸ ਵਿਚ ਆਉਂਦੇ ਹੜ੍ਹ ਦੇ ਪਾਣੀ ਨਾਲ ਉਨ੍ਹਾਂ ਦੀਆਂ ਫਸਲਾਂ ਦੇ ਮਾਰੇ ਜਾਣ ਨਾਲ ਉਨ੍ਹਾਂ ਵੱਡਾ ਨੁਕਸਾਨ ਝਲਣਾ ਪੈਂਦਾ ਹੈ | ਸਾਲ 2023 ਵਿਚ ਆਏ ਹੜ੍ਹ ਨਾਲ ਉਨ੍ਹਾਂ ਦੇ ਖੇਤਾਂ ਕੋਲ ਕਈ ਥਾਵਾਂ ਤੋਂ ਟੁੱਟੇ ਬੰਨ੍ਹ ਨੂੰ ਉਨ੍ਹਾਂ ਆਪਣੇ ਕੋਲੋਂ ਰੁਪਏ ਖਰਚ ਕਰ ਬੰਨ੍ਹਾਂ ਨੂੰ ਬੰਨਿ੍ਹਆ ਸੀ ਜਿਹੜੇ ਕੇ ਬਰਸਾਤਾਂ ਦੇ ਪੈਣ ਨਾਲ ਹੁਣ ਫਿਰ ਕਮਜ਼ੋਰ ਹੋ ਚੁੱਕੇ ਹਨ ਅਤੇ ਘੱਗਰ ਦਰਿਆ ਵਿਚ ਵਧ ਰਹੇ ਪਾਣੀ ਦਾ ਪੱਧਰ ਵਧਣ ਨਾਲ ਉਨ੍ਹਾਂ ਵੱਲੋਂ ਲਾਏ ਗਏ ਇਨ੍ਹਾਂ ਬੰਨ੍ਹਾਂ ਤੋਂ ਰਿਸਣਾ ਸ਼ੁਰੂ ਹੋ ਚੁੱਕਾ ਹੈ ਅਤੇ ਇਨ੍ਹਾਂ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਪ੍ਰਸ਼ਾਸਨ ਅਧਿਕਾਰੀਆਂ ਨੂੰ ਕਹੇ ਜਾਣ ਤੇ ਕੋਈ ਸਹਾਇਤਾ ਨਹੀਂ ਕੀਤੀ ਗਈ ਅਤੇ ਪੁਲ ਤੋਂ ਹੀ ਸਰਕਾਰ ਦੇ ਨੁਮਾਇੰਦੇ ਫੋਟੋਆਂ ਖਿਚਵਾ ਕੇ ਚਲਦੇ ਬਣੇ ਹਨ | ਕਿਸਾਨਾਂ ਦੇ ਦਰਦ ਸੁਣਨ ਮਗਰੋਂ ਜਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਊ ਨੇ ਕਿਹਾ ਕਿ ਦਿੱਲੀ ਤੋਂ ਨਕਾਰੇ ਹੋਏ ਆਮ ਆਦਮੀ ਪਾਰਟੀ ਦੇ ਆਗੂ ਕੋਈ ਛੋਟਾ ਜਿਹਾ ਵੀ ਨੀਂਹ ਪੱਥਰ ਰੱਖਣ ਲਈ ਤਾਂ ਆ ਜਾਂਦੇ ਹਨ ਪਰੇ ਹੁਣ ਜਦੋਂ ਪੰਜਾਬ ਦੇ ਲੋਕ ਹੜ੍ਹਾਂ ਦੀ ਮਾਰ ਝੱਲ੍ਹ ਰਹੇ ਹਨ ਤਾਂ ਇਹ ਦਿੱਲੀ ਜਾ ਕੇ ਬੈਠ ਗਏ ਹਨ | ਇਸ ਮੌਕੇ ਨਿਧਾਨ ਸਿੰਘ ਜੈਖਰ ਸਾਬਕਾ ਮੈਬਰ ਜਿਲ੍ਹਾ ਪ੍ਰੀਸ਼ਦ, ਅਜੈਬ ਸਿੰਘ ਮੱਲ੍ਹੀ ਸੀਨੀਅਰ ਆਗੂ ਅਕਾਲੀ ਦਲ ਆਦਿ ਮਜੂਦ ਸਨ |