ਭਾਦਸੋਂ, 2 ਸਤੰਬਰ (ਪ੍ਰਦੀਪ ਦੰਦਰਾਲਾ)-ਪੰਜਾਬ ਵਿਚ ਬੀਤੇ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਹੜ੍ਹਾਂ ਵਿਚ ਫਸੇ ਪੰਜਾਬੀਆਂ ਦੀ ਕੇਂਦਰ ਅਤੇ ਸੂਬਾ ਸਰਕਾਰ ਪੀੜਤ ਪਰਿਵਾਰਾਂ ਦੀ ਬਾਂਹ ਫੜੇ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਲਾਲ ਸਿੰਘ ਟੌਹੜਾ ਨੇ ਕੀਤਾ | ਉਨ੍ਹਾਂ ਕਿਹਾ ਕਿ 1988 ਵਿਚ ਹੜ੍ਹਾਂ ਨੇ ਜੋ ਪੰਜਾਬ ਦੀ ਬਰਬਾਦੀ ਕੀਤੀ, ਉਸ ਨਾਲੋਂ ਕਿਤੇ ਵੱਧ ਪੰਜਾਬ ਵਿਚ ਤਬਾਹੀ ਹੋਈ ਹੈ | ਜਿਸ ਦੇ ਨਾਲ ਹੋਏ ਨੁਕਸਾਨ ਦੀ ਭਰਪਾਈ ਤਾਂ ਨਹੀਂ ਹੋ ਸਕਦੀ ਪਰੰਤੂ ਜੇ ਕੇਂਦਰ ਸਰਕਾਰ ਇਸ ਨੁਕਸਾਨ ਦੀ ਭਰਪਾਈ ਲਈ ਕੋਈ ਵੱਡਾ ਪੈਕੇਜ ਐਲਾਨ ਕਰੇ ਤਾਂ ਜੋ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ | ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬੀ ਹਮੇਸ਼ਾ ਦੇਸ਼ ਦੇ ਕਿਸੇ ਵੀ ਸੂਬੇ ਵਿਚ ਆਈ ਕੁਦਰਤੀ ਆਫ਼ਤ ਵਿਚ ਪੀੜਤ ਲੋਕਾਂ ਲਈ ਹਮੇਸ਼ਾ ਮਦਦ ਲਈ ਪਹੁੰਚ ਜਾਂਦੇ ਹਨ | ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀ ਆਪਣੇ ਹੜ ਪੀੜਤ ਭਰਾਵਾਂ ਦੇ ਹੱਕ ਵਿਚ ਪੂਰੇ ਜੋਸ਼ ਨਾਲ ਸਹਿਯੋਗ ਦੇ ਰਹੇ ਹਨ ਜੋ ਕਿ ਕਾਬਲੇ ਤਾਰੀਫ਼ ਹੈ | ਉਨ੍ਹਾਂ ਕਿਹਾ ਸਮੁੱਚੀ ਕਾਂਗਰਸ ਪੀੜਤ ਪਰਿਵਾਰਾਂ ਨਾਲ ਚਟਾਨ ਵਾਂਗ ਖੜ੍ਹੀ ਹੈ |