ਪਟਿਆਲਾ, 3 ਸਤੰਬਰ (ਗੁਰਵਿੰਦਰ ਸਿੰਘ ਔਲਖ)-ਉਘੇ ਲੇਖਕ ਅਤੇ ਖਾਲਸਾ ਕਾਲਜ ਦੇ ਪਿ੍ੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਹੈ ਕਿ 25 ਨਵੰਬਰ ਜੋ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹੈ ਨੂੰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਵਜੋਂ ਘੋਸ਼ਿਤ ਕੀਤਾ ਜਾਵੇ | ਡਾ. ਉੱਭਾ ਨੇ ਸੰਯੁਕਤ ਰਾਸ਼ਟਰ ਦੇ ਮਹਾਂ-ਸਚਿਵ ਨੂੰ ਭੇਜੇ ਪੱਤਰ ਵਿਚ ਜ਼ੋਰ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ, ਸਿੱਖਾਂ ਦੇ ਨੌਵੇਂ ਪਾਤਸ਼ਾਹ, ਸੰਸਾਰਕ ਇਤਿਹਾਸ ਵਿਚ ਇਕੋ-ਇਕ ਅਜਿਹੇ ਧਾਰਮਿਕ ਮਾਰਗਦਰਸ਼ਕ ਹਨ ਜਿਨ੍ਹਾਂ ਨੇ ਆਪਣੀ ਕੌਮ ਲਈ ਨਹੀਂ, ਸਗੋਂ ਦੂਸਰੀ ਕੌਮ ਦੇ ਧਰਮ ਦੀ ਆਜ਼ਾਦੀ ਦੀ ਰੱਖਿਆ ਲਈ ਆਪਣੀ ਸ਼ਹੀਦੀ ਦਿੱਤੀ | 1675 ਵਿਚ, ਜਦੋਂ ਕਸ਼ਮੀਰੀ ਪੰਡਤਾਂ ਨੇ ਜ਼ਬਰ-ਜੁਲਮ ਖਿਲਾਫ਼ ਉਨ੍ਹਾਂ ਤੋਂ ਸਹਾਇਤਾ ਮੰਗੀ ਤਾਂ ਗੁਰੂ ਸਾਹਿਬ ਬੇਧੜਕ ਉਨ੍ਹਾਂ ਦੇ ਹੱਕਾਂ ਦੀ ਰੱਖਿਆ ਲਈ ਖੜ੍ਹੇ ਹੋਏ, ਗਿ੍ਫ਼ਤਾਰ ਕੀਤੇ ਗਏ, ਤਸ਼ੱਦਦ ਸਹਿਆ ਅਤੇ ਆਖ਼ਰਕਾਰ 25 ਨਵੰਬਰ 1675 ਨੂੰ ਦਿੱਲੀ ਵਿਚ ਸ਼ਹੀਦ ਕੀਤੇ ਗਏ | ਡਾ. ਉੱਭਾ ਨੇ ਕਿਹਾ, ਇਹ ਸ਼ਹਾਦਤ ਨਾ ਕਿਸੇ ਰਾਜਨੀਤਕ ਤਾਕਤ ਲਈ ਸੀ ਤੇ ਨਾ ਹੀ ਕਿਸੇ ਖੇਤਰ ਲਈ, ਸਗੋਂ ਮਨੁੱਖੀ ਅੰਤਰਾਤਮਾ ਦੀ ਆਜ਼ਾਦੀ ਅਤੇ ਵਿਸ਼ਵਾਸ ਦੀ ਰੱਖਿਆ ਲਈ ਸੀ | ਇਹ ਮਨੁੱਖੀ ਅਧਿਕਾਰਾਂ ਦੇ ਇਤਿਹਾਸ ਵਿਚ ਸਭ ਤੋਂ ਪਹਿਲੀਆਂ ਤੇ ਸਭ ਤੋਂ ਸ਼ਕਤੀਸ਼ਾਲੀ ਮਿਸਾਲਾਂ ਵਿਚੋਂ ਇਕ ਹੈ |'' ਡਾ. ਉੱਭਾ ਨੇ ਸਿੱਖ ਸੰਸਥਾਵਾਂ, ਪ੍ਰਵਾਸੀ ਸਿੱਖ ਜਥੇਬੰਦੀਆਂ, ਮਨੁੱਖੀ ਅਧਿਕਾਰ ਸੰਗਠਨਾਂ ਅਤੇ ਵਿਸ਼ਵ ਭਰ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਇਸ ਮੁਹਿੰਮ ਦਾ ਸਮਰਥਨ ਕਰਨ ਤਾਂ ਜੋ ਸੰਯੁਕਤ ਰਾਸ਼ਟਰ ਵਲੋਂ 25 ਨਵੰਬਰ ਨੂੰ ਸਰਕਾਰੀ ਤੌਰ 'ਤੇ ਮਨੁੱਖੀ ਅਧਿਕਾਰਾਂ ਪ੍ਰਤੀ ਮਨੁੱਖਤਾ ਦੀ ਵਚਨਬੱਧਤਾ ਨੂੰ ਮੁੜ ਦੁਹਰਾਉਣ ਦੇ ਦਿਨ ਵਜੋਂ ਮਾਨਤਾ ਦਿੱਤੀ ਜਾ ਸਕੇ |