ਸਨੌਰ, 4 ਸਤੰਬਰ (ਮੋਹਣ ਸਿੰਘ ਭੱਟੀ)-ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵਲੋਂ ਲੋਕ ਹਿਤਾਂ ਦੀ ਗੱਲ ਕਰਨ ਨਾਲ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਮਾਡਲ ਦੇ ਬੌਸ ਨੂੰ ਆਪਣੇ ਸਾਰੇ ਗੁਨਾਹ ਯਾਦ ਆ ਗਏ ਹਨ ਅਤੇ ਹੁਣ ਹਲਕਾ ਸਨੌਰ ਦੇ ਲੋਕਾਂ ਵਲੋਂ ਲੋਕਤਾਂਤਰਿਕ ਢੰਗ ਨਾਲ ਚੁਣੇ ਨੁਮਾਇੰਦੇ ਦੀਆਂ ਸਾਰੀਆਂ ਸ਼ਕਤੀਆਂ ਖੋਹ ਕੇ ਉਸ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ, ਉਸ ਨੂੰ ਗਿ੍ਫ਼ਤਾਰ ਕਰਦਿਆਂ ਹੁਣ ਉਸ ਨੂੰ ਗੁਨਾਹਗਾਰ ਸਾਬਤ ਕਰ ਰਹੇ ਹਨ | ਇਹ ਪ੍ਰਗਟਾਵਾ ਇਕਦਮ ਕੀਤੀ ਸਖ਼ਤ ਕਾਰਵਾਈ 'ਤੇ ਸਰਕਾਰੀ ਮਨਸ਼ਾ ਉਪਰ ਸਵਾਲ ਉਠਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਕਿ੍ਸ਼ਨ ਸਿੰਘ ਸਨੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪਠਾਣਮਾਜਰੇ ਦੇ ਮੀਡੀਆ 'ਚ ਦਿੱਤੇ ਜਨਤਕ ਬਿਆਨਾਂ ਤੋਂ ਇਹ ਤੱਥ ਸਿੱਧ ਹੋ ਚੁੱਕਾ ਹੈ ਕਿ ਪੰਜਾਬ ਦੀ ਸਰਕਾਰ ਨੂੰ ਦਿੱਲੀ ਤੋਂ ਆਇਆਂ ਕੇਜਰੀਵਾਲ ਗਰੁੱਪ ਚਲਾ ਰਿਹਾ ਹੈ | ਹੁਣ ਸਰਕਾਰ ਨੂੰ ਖ਼ਤਰਾ ਹੈ ਕਿ ਜੇਕਰ ਕੇਜਰੀਵਾਲ ਮਾਡਲ ਦੀਆਂ ਕਾਰਗੁਜ਼ਾਰੀਆਂ ਦਾ ਪਰਦਾ ਜੇਕਰ ਕਿਸੇ ਨੇ ਪੂਰੀ ਤਰ੍ਹਾਂ ਨਾਲ ਚੁੱਕ ਦਿੱਤਾ ਤਾਂ ਪੰਜਾਬ ਸਰਕਾਰ ਬੁਰੀ ਤਰ੍ਹਾਂ ਨਾਲ ਫ਼ੇਲ੍ਹ ਹੋ ਜਾਵੇਗੀ ਕਿਉਂਕਿ ਇਕ ਆਪਣੀ ਹੀ ਪਾਰਟੀ ਦੀ ਟਿਕਟ 'ਤੇ ਚੁਣੇ ਹੋਏ ਵਿਧਾਇਕ ਨਾਲ ਸੱਚ ਬੋਲਣ 'ਤੇ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਇੰਨਾ ਮਾੜਾ ਸਲੂਕ ਕਰ ਸਕਦੀ ਹੈ ਤਾਂ ਆਮ ਲੋਕਾਂ ਲਈ ਬਦਲਾਖੋਰੀ ਦੀ ਨੀਤੀ ਵਾਲੀ ਸਰਕਾਰ ਤੋਂ ਇਨਸਾਫ਼ ਦੀ ਉਮੀਦ ਕਰਨਾ ਬੇਹੱਦ ਮੁਸ਼ਕਲ ਹੈ | ਕਿ੍ਸ਼ਨ ਸਿੰਘ ਨੇ ਮੁੱਖ ਮੰਤਰੀ ਪੰਜਾਬ 'ਤੇ ਤੰਜ ਕਸਦਿਆਂ ਕਿਹਾ ਕਿ ਭਗਵੰਤ ਮਾਨ, ਜੋ ਕਿ ਦਿੱਲੀ ਦੇ ਕੇਜਰੀਵਾਲ ਮਾਡਲ ਦੇ ਹੱਥਾਂ 'ਚ ਖੇਡ ਰਿਹਾ ਹੈ |