ਨਾਭਾ, 4 ਸਤੰਬਰ (ਜਗਨਾਰ ਸਿੰਘ ਦੁਲੱਦੀ)-ਭਾਰਤੀ ਕਿਸਾਨ ਸੰਘ ਪੰਜਾਬ ਦੇ ਤਿੰਨ ਜ਼ਿਲਿ੍ਹਆਂ ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਮਾਲੇਰਕੋਟਲਾ ਦੇ ਅਹੁੱਦੇਦਾਰਾਂ ਦੀ ਵਿਸ਼ੇਸ਼ ਇਕੱਤਰਤਾ ਨੇੜਲੇ ਪਿੰਡ ਅਭੈਪੁਰ ਵਿਖੇ ਹੋਈ, ਜਿਸ ਵਿਚ ਪੰਜਾਬ ਵਿਚ ਆਏ ਭਿਆਨਕ ਹੜਾਂ ਦੀ ਸਥਿਤੀ ਅਤੇ ਹੋਏ ਨੁਕਸਾਨ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਇਕੱਤਰਤਾ ਵਿਚ ਰਵਿੰਦਰ ਸਿੰਘ ਗਿੰਨੀ ਢਿੱਲੋਂ ਸੂਬਾ ਪ੍ਰਧਾਨ ਭਾਰਤੀ ਕਿਸਾਨ ਸੰਘ ਅਤੇ ਗੁਰਦਰਸ਼ਨ ਸਿੰਘ ਅਭੈਪੁਰ ਸੂਬਾ ਉਪ ਪ੍ਰਧਾਨ ਭਾਰਤੀ ਕਿਸਾਨ ਸੰਘ, ਹਰਿੰਦਰ ਸਿੰਘ ਲੋਟ ਜ਼ਿਲ੍ਹਾ ਪ੍ਰਧਾਨ ਪਟਿਆਲਾ, ਐਨ.ਐਸ. ਨੌ ਲੱਖਾ ਪ੍ਰਧਾਨ ਫਤਿਹਗੜ੍ਹ ਸਾਹਿਬ, ਗੋਬਿੰਦਰ ਸਿੰਘ ਪ੍ਰਧਾਨ ਮਾਲੇਰਕੋਟਲਾ, ਅਮਰੀਕ ਸਿੰਘ, ਸੁਖਜੀਤ ਸਿੰਘ ਗਲਵੱਟੀ ਵੀ ਹਾਜ਼ਰ ਸਨ | ਹਾਜ਼ਰ ਆਗੂਆਂ ਵੱਲੋਂ ਭਾਰਤ ਸਰਕਾਰ ਨੂੰ ਪੰਜਾਬ ਦੇ ਹੜ ਪ੍ਰਭਾਵਿਤ ਜ਼ਿਲਿ੍ਹਆਂ ਵਿਚ ਹੋਏ ਨੁਕਸਾਨ ਦੀ ਭਰਪਾਈ ਤੁਰੰਤ ਕਰਨ ਦੀ ਅਪੀਲ ਕੀਤੀ ਗਈ | ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਕਿਸਾਨਾਂ ਦੀ ਲੱਖਾਂ ਏਕੜ ਖੇਤੀ ਦੇ ਬਰਬਾਦ ਹੋ ਜਾਣ ਕਾਰਨ 50,000/- ਪ੍ਰਤੀ ਏਕੜ ਦਾ ਮੁਆਵਜਾ ਸਬੰਧਿਤ ਹੜ ਪੀੜਤ ਕਿਸਾਨਾਂ ਦੇ ਖਾਤਿਆਂ ਵਿੱਚ ਹੀ ਪਾਏ ਜਾਣ | ਇਸ ਤੋਂ ਇਲਾਵਾ ਪਸ਼ੂ-ਧੰਨ ਅਤੇ ਜਾਨੀ ਅਤੇ ਮਾਲੀ ਨੁਕਸਾਨ ਦੀ ਭਰਪਾਈ ਵੀ ਤੁਰੰਤ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਹੜ੍ਹ ਵਿਚ ਲਾਪਤਾ ਅਤੇ ਮਰ ਗਏ ਪਸ਼ੂਆਂ ਦੇ ਮਾਲਕਾਂ ਨੂੰ ਵੀ ਵੱਧ ਤੋਂ ਵੱਧ ਮੁਆਵਜਾ ਰਾਸ਼ੀ ਦਿੱਤੀ ਜਾਣ ਦੇ ਨਾਲ ਨਾਲ ਜਾਨੀ ਨੁਕਸਾਨ ਵਾਲੇ ਪਰਿਵਾਰ ਨੂੰ ਸਰਕਾਰੀ ਨੌਕਰੀ ਅਤੇ 10 ਲੱਖ ਰੁਪਏ ਮੁਆਵਜਾ ਦਿੱਤਾ ਜਾਵੇ | ਆਗੂਆਂ ਨੇ ਕਿਹਾ ਕਿ ਤਬਾਹ ਹੋ ਚੁੱਕੇ ਮਕਾਨਾਂ ਦੇ ਮਾਲਕਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਨੁਕਸਾਨ ਮੁਤਾਬਿਕ ਵੱਧ ਤੋਂ ਵੱਧ ਮੁਆਵਜਾ ਦਿੱਤਾ ਜਾਵੇ ਅਤੇ ਹੜ ਪ੍ਰਭਾਵਿਤ ਜ਼ਮੀਨ ਨੂੰ ਦੁਬਾਰਾ ਵਾਹੀਯੋਗ ਬਣਾਉਣ ਲਈ ਪੂਰਾ ਖਰਚਾ ਪੰਜਾਬ ਸਰਕਾਰ ਨੂੰ ਦੇਣਾ ਚਾਹੀਦਾ ਹੈ |