ਸਨੌਰ, 4 ਸਤੰਬਰ (ਸੋਖਲ)-ਹਲਕਾ ਸਨੌਰ ਦੇ ਪਿੰਡ ਸਿਰਕਪੜਾ ਵਿਚ ਘੱਗਰ ਦਰਿਆ ਉੱਤੇ ਬਣਿਆ ਪੁਲ ਖਸਤਾਹਾਲ ਹਾਲਤ ਵਿਚ ਪਹੁੰਚ ਚੁੱਕਾ ਹੈ | ਅੱਜ ਸੀਨੀਅਰ ਆਗੂ ਜਸਪਿੰਦਰ ਸਿੰਘ ਮੋਨੂੰ ਰੰਧਾਵਾ ਆਪਣੇ ਸਾਥੀਆਂ ਸਮੇਤ ਸਿਰਕਪੜਾ ਪੁਲ ਦਾ ਦੌਰਾ ਕਰਨ ਪਹੁੰਚੇ | ਸਿਰਕਪੜਾ ਪੁਲ ਕਈ ਪਿੰਡਾਂ ਨੂੰ ਜੋੜਨ ਵਾਲਾ ਇਕੋ ਸਾਧਨ ਹੈ, ਪਰ ਇਸ ਦੀ ਹਾਲਤ ਦਿਨੋਂ-ਦਿਨ ਬੇਹਾਲ ਹੋ ਰਹੀ ਹੈ | ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਨੂੰ ਤੁਰੰਤ ਕਦਮ ਚੁੱਕਣ ਦੀ ਅਪੀਲ ਕੀਤੀ ਤਾਂ ਜੋ ਲੋਕਾਂ ਦੀ ਜਾਨ ਨਾਲ ਖੇਡ ਨਾ ਹੋਵੇ ਸਥਾਨਕ ਲੋਕਾਂ ਨੇ ਦੱਸਿਆ ਕਿ ਹੜ੍ਹ ਦੇ ਕਾਰਨ ਪੁਲ ਦੀ ਸਥਿਤੀ ਹੋਰ ਵੀ ਖ਼ਰਾਬ ਹੋ ਗਈ ਹੈ | ਪਾਣੀ ਦੇ ਵੱਧ ਦਬਾਅ ਨਾਲ ਪੁਲ ਦੀਆਂ ਸਾਈਡਾਂ ਟੁੱਟ ਰਹੀਆਂ ਹਨ ਅਤੇ ਸੜਕ 'ਤੇ ਵੱਡੀਆਂ ਦਰਾਰਾਂ ਪੈ ਗਈਆਂ ਹਨ | ਉਨ੍ਹਾਂ ਕਿਹਾ ਕਿ ਰੋਜ਼ਾਨਾ ਸੈਂਕੜੇ ਵਾਹਨ ਇਸ ਪੁਲ ਤੋਂ ਲੰਘਦੇ ਹਨ ਜਿਸ ਕਰਕੇ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਮੋਨੂੰ ਰੰਧਾਵਾ ਨੇ ਕਿਹਾ ਕਿ ਜੇ ਪ੍ਰਸ਼ਾਸਨ ਨੇ ਇਸ ਵੱਲ ਜਲਦੀ ਧਿਆਨ ਨਾ ਦਿੱਤਾ ਤਾਂ ਲੋਕਾਂ ਨੂੰ ਆਪਣੀ ਜਾਨ ਨੂੰ ਖ਼ਤਰੇ ਵਿਚ ਪਾ ਕੇ ਆਵਾਜਾਈ ਕਰਨੀ ਪਵੇਗੀ | ਪਿੰਡ ਵਾਸੀਆਂ ਨੇ ਵੀ ਚੇਤਾਵਨੀ ਦਿੱਤੀ ਕਿ ਜੇ ਜਲਦੀ ਮੁਰੰਮਤ ਨਾ ਹੋਈ ਤਾਂ ਉਨ੍ਹਾਂ ਨੂੰ ਰੋਸ ਪ੍ਰਦਰਸ਼ਨ ਲਈ ਮਜਬੂਰ ਹੋਣਾ ਪਵੇਗਾ | ਇਸ ਮੌਕੇ ਅਕਾਸ਼ਦੀਪ ਲੋਟ, ਅਤਿੰਦਰਪਾਲ ਸਿੰਘ ਲੋਟ ਤੇ ਹੋਰ ਪਿੰਡ ਦੇ ਵਾਸੀ ਮੌਜੂਦ ਸਨ |