ਪਟਿਆਲਾ, 6 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਆਤਮਾ ਰਾਮ ਕੁਮਾਰ ਸਭਾ ਸਕੂਲ 'ਚ ਅਧਿਆਪਕ ਦਿਵਸ ਮੌਕੇ ਸਕੂਲ ਦਾ ਸਾਰਾ ਸਟਾਫ਼ ਸਕੂਲ 'ਚ ਇਕੱਠਾ ਹੋਇਆ | ਸਕੂਲ ਦੇ ਪਿ੍ੰਸੀਪਲ ਡਾ. ਡੌਲੀ ਲਰੋਇਆ ਅਤੇ ਐਡਮਿਨ ਨਵਨੀਤ ਨੇ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਸਕੂਲ ਵਿਚ ਸ਼ਾਂਤੀ ਪਾਠ ਕਰਵਾਇਆ ਅਤੇ ਪੰਜਾਬ 'ਚ ਚੱਲ ਰਹੀ ਤਰਾਸਦੀ ਵਿਚ ਪ੍ਰਭਾਵਿਤ ਹੋਏ ਲਾਚਾਰ ਪਰਿਵਾਰਾਂ ਦੀ ਤੰਦਰੁਸਤੀ ਅਤੇ ਪੰਜਾਬ ਦੀ ਖ਼ੁਸ਼ਹਾਲੀ ਦੀ ਕਾਮਨਾ ਕਰਦਿਆਂ ਸਾਰੇ ਸਟਾਫ਼ ਨਾਲ ਮਿਲ ਕੇ ਅਰਦਾਸ ਕੀਤੀ | ਸਾਰੇ ਅਧਿਆਪਕਾਂ ਨੇ ਅਧਿਆਪਕ ਦਿਵਸ ਅਤੇ ਪੰਜਾਬ ਦੇ ਹਾਲਾਤਾਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਤੇ ਵਿਚਾਰ ਕੀਤੀ ਕਿ ਕਿਵੇਂ ਬੱਚਿਆ 'ਚ ਸੇਵਾ ਦੀ ਭਾਵਨਾ ਵਿਕਸਿਤ ਕੀਤੀ ਜਾਵੇ ਤਾਂ ਜੋ ਉਹ ਇਕ ਵਧੀਆ ਇਨਸਾਨ ਬਣਨ ਅਤੇ ਸਮਾਜ ਅਤੇ ਦੇਸ਼ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਉਣ |