ਰਾਜਪੁਰਾ, 6 ਸਤੰਬਰ (ਜੀ.ਪੀ. ਸਿੰਘ)-ਥਾਣਾ ਸ਼ਹਿਰੀ ਦੀ ਪੁਲਿਸ ਨੇ ਇਕ ਕਾਰ ਚਾਲਕ ਵੱਲੋਂ ਸੜਕ ਕਿਨਾਰੇ ਬੈਠੇ ਕੁੱਤੇ 'ਤੇ ਕਾਰ ਚੜ੍ਹਾਉਣ ਕਾਰਨ ਕੁੱਤੇ ਦੀ ਮੌਤ ਹੋ ਜਾਣ 'ਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਵਿਕਾਸ ਚੌਧਰੀ ਵਾਸੀ ਪਟੇਲ ਕਾਲੌਨੀ ਰਾਜਪੁਰਾ ਨੇ ਬਿਆਨ ਦਰਜ ਕਰਵਾਏ ਹਨ ਕਿ ਲੰਘੇ ਦਿਨ ਵਿਸ਼ਾਲ ਅਹੂਜਾ ਵਾਸੀ ਨਿਊ ਡਾਲੀਮਾ ਵਿਹਾਰ ਕਾਲੌਨੀ ਰਾਜਪੁਰਾ ਨੇ ਤੇਜ਼ ਰਫ਼ਤਾਰੀ ਅਤੇ ਲਾਪਰਵਾਹੀ ਨਾਲ ਕਾਰ ਚਲਾਉਂਦਿਆਂ ਸੜਕ ਕਿਨਾਰੇ ਬੈਠੇ ਇਕ ਕੁੱਤੇ 'ਤੇ ਕਾਰ ਚੜ੍ਹਾ ਦਿੱਤੀ | ਜਿਸ ਕਾਰਨ ਕੁੱਤੇ ਦੀ ਮੌਤ ਹੋ ਗਈ | ਸ਼ਹਿਰੀ ਥਾਣੇ ਦੀ ਪੁਲਿਸ ਨੇ ਕਾਰ ਚਾਲਕ ਵਿਸ਼ਾਲ ਅਹੂਜਾ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |