ਭਾਦਸੋਂ-1960 ਤੋਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਉਂਗਲ ਫੜ੍ਹ ਕੇ ਲੋਕ ਸੇਵਾ ਲਈ ਰਾਜਨੀਤਕ 'ਚ ਅੱਗੇ ਆਏ ਜਥੇਦਾਰ ਰਾਜਿੰਦਰ ਸਿੰਘ ਟੌਹੜਾ ਪੰਥ ਰਤਨ ਜਥੇਦਾਰ ਟੌਹੜਾ ਦੇ ਅਤਿ ਨਜ਼ਦੀਕੀ ਸਨ | ਪੰਥਕ ਤੇ ਸਿਆਸੀ ਸਫ਼ਾਂ ਵਿਚ ਪੰਥ ਰਤਨ ਜਥੇਦਾਰ ਟੌਹੜਾ ਦੀ ਅਗਵਾਈ 'ਚ ਹੀ ਜਥੇਦਾਰ ਰਾਜਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਜਥੇਦਾਰ ਵਜੋਂ ਅਪਣਾ ਸਿਆਸੀ ਭਵਿੱਖ ਸ਼ੁਰੂ ਕਰਕੇ ਬਾਅਦ ਵਿਚ ਲੰਬਾ ਸਮਾਂ ਜ਼ਿਲ੍ਹਾ ਜਥੇਦਾਰ ਦਿਹਾਤੀ ਜ਼ਿਲ੍ਹਾ ਪਟਿਆਲਾ ਰਹੇ ਅਤੇ ਲੈਂਡ ਮਾਰਗੇਜ ਬੈਂਕ, ਕੋਆਪ੍ਰੇਟਿਵ ਬੈਂਕ ਦੇ ਡਾਇਰੈਕਟਰ ਵਜੋਂ ਵੀ ਬਾਖ਼ੂਬੀ ਸੇਵਾ ਨਿਭਾਈ | ਜਥੇਦਾਰ ਰਾਜਿੰਦਰ ਸਿੰਘ ਟੌਹੜਾ ਦੇ ਜੀਵਨ 'ਤੇ ਪੰਛੀ ਝਾਤ ਮਾਰੀਏ ਤਾਂ ਇਸ ਧੜੱਲੇਦਾਰ ਤੇ ਬੇਬਾਕ ਆਗੂ ਦਾ ਜਨਮ 1942 ਵਿਚ ਅਪਣੇ ਨਾਨਾ ਕਰਮ ਸਿੰਘ ਦੇ ਘਰ ਪਿਤਾ ਹਰਦੇਵ ਸਿੰਘ ਅਤੇ ਮਾਤਾ ਅਮਰ ਕੌਰ ਦੇ ਬਗੀਚੇ 'ਚ ਪਿੰਡ ਟੌਹੜਾ ਵਿਖੇ ਹੋਇਆ, ਆਪ ਦੀ ਇਕ ਛੋਟੀ ਭੈਣ ਰਜਿੰਦਰ ਕੌਰ ਹੈ | ਛੋਟੀ ਉਮਰ ਵਿਚ ਰਜਿੰਦਰ ਸਿੰਘ ਟੌਹੜਾ ਦਾ ਵਿਆਹ ਪਿੰਡ ਭੜ੍ਹੀ ਮਾਨਸਾ, ਜ਼ਿਲ੍ਹਾ ਸੰਗਰੂਰ ਦੇ ਗੋਧਾ ਸਿੰਘ ਦੀ ਪੁੱਤਰੀ ਸੁਰਜੀਤ ਕੌਰ ਨਾਲ ਹੋਣ ਉਪਰੰਤ ਉਨ੍ਹਾਂ ਦੇ ਘਰ ਪੰਜ ਧੀਆਂ ਤੇ ਇਕ ਪੁੱਤਰ ਪਿ੍ਤਪਾਲ ਸਿੰਘ ਟੌਹੜਾ ਦਾ ਜਨਮ ਹੋਇਆ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨਾਰਥਲ ਕਲਾਂ ਤੋਂ ਮੁਢਲੀ ਸਿੱਖਿਆ ਪ੍ਰਾਪਤ ਕਰਕੇ ਆਪ ਨੇ ਉਚੇਰੀ ਸਿੱਖਿਆ ਲਈ ਰਿਪੁਦਮਨ ਕਾਲਜ ਨਾਭਾ ਵਿਖੇ ਦਾਖਲਾ ਲਿਆ ਜਿੱਥੇ ਕਬੱਡੀ ਦੇ ਇਕ ਨਾਮਵਰ ਖਿਡਾਰੀ ਵਜੋਂ ਅਪਣਾ ਨਾਂ ਇਲਾਕੇ ਵਿਚ ਬਣਾਇਆ | ਉਨ੍ਹਾਂ ਨੇ ਪੰਜਾਬ ਦੇ ਮਸ਼ਹੂਰ ਟੂਰਨਾਮੈਂਟਾਂ ਵਿਚ ਆਪਣੀ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰ ਕੇ ਟੌਹੜੇ ਪਿੰਡ ਦੀ ਕਬੱਡੀ ਟੀਮ ਦੀ ਧਾਂਕ ਜਮਾਈ | 1960 ਵਿਚ ਨਾਨਾ ਕਰਮ ਸਿੰਘ ਨੂੰ ਪੰਜਾਬੀ ਸੂਬੇ ਦੇ ਮੋਰਚੇ ਵਿਚ ਹੋਈ ਜੇਲ੍ਹ ਕਾਰਨ ਪੜ੍ਹਾਈ ਵਿਚ ਹੀ ਛੱਡ ਕੇ ਜਥੇਦਾਰ ਰਾਜਿੰਦਰ ਸਿੰਘ ਅਕਾਲੀ ਸਿਆਸਤ ਦੇ ਪਿੜ ਵਿਚ ਕੁੱਦ ਪਏ | ਉਸ ਦਿਨ ਤੋਂ ਬਾਅਦ ਉਨ੍ਹਾਂ ਦੇ ਸਿਆਸੀ ਗੁਰੂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਜਿੱਥੇ ਕਿਤੇ ਵੀ ਉਨ੍ਹਾਂ ਦੀ ਡਿਊਟੀ ਲਾਈ ਜਥੇਦਾਰ ਰਾਜਿੰਦਰ ਸਿੰਘ ਨੇ ਉਹ ਫਤਿਹ ਹਾਸਿਲ ਕਰਕੇ ਬਾਖ਼ੂਬੀ ਨਿਭਾਈ | ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਚਲੇ ਜਾਣ ਤੋਂ ਬਾਅਦ ਉਨ੍ਹਾਂ ਦੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਾਫੀ ਨੇੜਤਾ ਰਹੀ ਅਤੇ ਉਨ੍ਹਾਂ ਨੇ ਜਥੇਦਾਰ ਨੂੰ ਮਾਰਕੀਟ ਕਮੇਟੀ ਪਟਿਆਲਾ ਦਾ ਚੇਅਰਮੈਨ ਲਗਾਇਆ ਗਿਆ | ਰਜਿੰਦਰ ਸਿੰਘ ਟੌਹੜਾ ਦੇ ਚਲੇ ਜਾਣ ਨਾਲ ਨਗਰ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਹੈ | ਉਨ੍ਹਾਂ ਦੇ ਨਿਮਿਤ ਸ੍ਰੀ ਸਹਿਜ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਅੱਜ 7 ਸਤੰਬਰ ਦਿਨ ਐਤਵਾਰ ਨੂੰ ਸਥਾਨਕ ਦਾਣਾ ਮੰਡੀ ਪਿੰਡ ਟੌਹੜਾ ਵਿਖੇ 12 ਤੋਂ 1 ਹੋਵੇਗੀ | -ਗੁਰਬਖ਼ਸ਼ ਸਿੰਘ ਵੜੈਚ