ਘਨੌਰ, 6 ਸਤੰਬਰ (ਸਰਦਾਰਾ ਸਿੰਘ ਲਾਛੜੂ)-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਅਮਿਤ ਸਿੰਘ ਰਾਠੀ ਅਤੇ ਯੂਥ ਵਿੰਗ ਦਿਹਾਤੀ ਦੇ ਪ੍ਰਧਾਨ ਅਮਿ੍ੰਤ ਸਿੰਘ ਲੰਗ ਨੇ ਹਲਕਾ ਘਨੌਰ ਦੇ ਪਿੰਡਾਂ ਵਿਚ ਘਰ-ਘਰ ਜਾ ਕੇ ਰਾਸ਼ਨ ਸਮਗਰੀ ਪਹੁੰਚਾਈ | ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ 'ਤੇ ਪਹਿਲਾਂ ਸਥਾਨਕ ਲੋਕਾਂ ਨੂੰ ਨਾਲ ਲਿਆ ਅਤੇ ਜਿੱਥੇ ਕਿਤੇ ਵੀ ਜ਼ਰੂਰਤ ਸੀ, ਉੱਥੇ ਰਾਸ਼ਨ ਪਹੁੰਚਾਇਆ ਗਿਆ | ਇਸ ਤੋਂ ਪਹਿਲਾਂ ਸ੍ਰੀ ਗੁਰੂ ਅਮਰਦਾਸ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਨਥਾਣਾ ਸਾਹਿਬ ਵਿਖੇ ਅਰਦਾਸ ਕੀਤੀ ਗਈ ਅਤੇ ਇਸ ਤੋਂ ਬਾਅਦ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਪਾਰਟੀ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ ਨੇ ਰਾਸ਼ਨ ਦੀ ਟਰਾਲੀ ਨੂੰ ਝੰਡੀ ਦੇ ਕੇ ਰਵਾਨਾ ਕੀਤਾ | ਇਸ ਤੋਂ ਪਹਿਲਾਂ ਸਾਰੀ ਟੀਮ ਨੇ ਸਰਾਲਾ ਹੈੱਡ ਵਿਖੇ ਘੱਗਰ ਦਾ ਜਾਇਜ਼ਾ ਲਿਆ ਅਤੇ ਜਿੱਥੇ ਪਾੜ ਪਿਆ ਸੀ, ਉਸ ਥਾਂ ਦਾ ਵੀ ਜਾਇਜ਼ਾ ਲਿਆ | ਅਹਿਮ ਗੱਲ ਇਹ ਸੀ ਅਕਾਲੀ ਦਲ ਜ਼ਿਲ੍ਹਾ ਸ਼ਹਿਰੀ ਦੀ ਟੀਮ ਵਲੋਂ ਪ੍ਰਧਾਨ ਅਮਿਤ ਸਿੰਘ ਰਾਠੀ ਦੀ ਅਗਵਾਈ ਹੇਠ ਖ਼ੁਦ ਪਾਣੀ ਵਿਚ ਉਤਰ ਕੇ ਲੋਕਾਂ ਤੱਕ ਰਾਸ਼ਨ ਪਹੁੰਚਾਇਆ | ਇਸ ਮੌਕੇ ਪ੍ਰਧਾਨ ਅਮਿਤ ਸਿੰਘ ਰਾਠੀ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹੁਕਮ ਹੋਇਆ ਸੀ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਅਕਾਲੀ ਦੀਆਂ ਟੀਮਾਂ ਜਾਣ ਅਤੇ ਲੋਕਾਂ ਦੀ ਜ਼ਿਆਦਾ ਤੋਂ ਜ਼ਿਆਦਾ ਮਦਦ ਕਰਨ |