ਪਟਿਆਲਾ, 26 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਨਗਰ ਨਿਗਮ ਪਟਿਆਲਾ ਦੀ ਲੈਂਡ ਸ਼ਾਖਾ ਦੀ ਟੀਮ ਵਲੋਂ ਸਰਹਿੰਦ ਰੋਡ ਉਪਰ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ ਇਕ ਨਿੱਜੀ ਸ਼ੋਅ ਰੂਮ ਅੱਗੇ ਬਣੀ ਚਾਰ ਦੀਵਾਰੀ ਨੂੰ ਢਾਹਿਆ ਹੈ | ਇਸ ਕਾਰਵਾਈ ਨੂੰ ਗ਼ੈਰਕਾਨੰੂਨੀ ਦੱਸਦਿਆਂ ਸ਼ੋਅ ਦੇ ਜੀ.ਐਮ. ਗੁਰਪ੍ਰੀਤ ਸਿੰਘ ਜੰਮੂ ਨੇ ਆਖਿਆ ਕਿ ਜਿਥੇ ਸਾਡੇ ਕੋਲ ਮਾਣਯੋਗ ਅਦਾਲਤ ਦੀ ਸਟੇਅ ਹੈ ਉਥੇ ਇਸੇ ਨਗਰ ਨਿਗਮ ਵਲੋਂ ਉਨ੍ਹਾਂ ਦੇ ਇਸ ਸ਼ੋਅ ਰੂਮ ਸੰਬੰਧੀ ਨਕਸ਼ਾ ਵੀ ਪਾਸ ਕੀਤਾ ਹੋਇਆ ਹੈ | ਇਸ ਸਭ ਦੇ ਬਾਵਜੂਦ ਇਹ ਕਾਰਵਾਈ ਕੀਤੀ ਗਈ ਹੈ ਜੋ ਕਿ ਗ਼ੈਰਕਾਨੰੂਨੀ ਹੈ | ਦੂਜੇ ਪਾਸੇ ਨਿਗਮ ਨੇ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਕਾਨੂੰਨਨ ਦੱਸਿਆ ਹੈ | ਜਾਣਕਾਰੀ ਮੁਤਾਬਿਕ ਕੱਲ੍ਹ ਨਗਰ ਨਿਗਮ ਦੀ ਟੀਮ ਵਲੋਂ ਸਰਹਿੰਦ ਰੋਡ ਉੱਤੇ ਸਥਿਤ ਸ਼ੋਅ ਰੂਮ ਤੇ ਨਾਜਾਇਜ਼ ਕਬਜਾ ਦੱਸਦਿਆਂ ਪੁਲਿਸ ਫੋਰਸ ਨਾਲ ਕਾਰਵਾਈ ਕਰਨ ਪੁੱਜੀ ਜਿਥੇ ਨਿਗਮ ਅਧਿਕਾਰੀਆਂ ਨੇ ਸ਼ੋਅਰੂਮ ਦੇ ਜੀ.ਐਮ. ਨੂੰ ਇਹ ਕਿਹਾ ਕਿ ਤੁਹਾਡਾ ਸ਼ੋਅਰੂਮ 74 ਨੰਬਰ ਖ਼ਸਰੇ ਵਿਚ ਬਣਿਆ ਹੋਇਆ ਹੈ ਅਤੇ ਅਸੀਂ ਤਾਂ 75 ਨੰਬਰ ਖ਼ਸਰੇ ਵਿਚ ਕਾਰਵਾਈ ਕਰ ਰਹੇ ਹਾਂ | ਮੌਕੇ ਉੱਤੇ ਜੀ.ਐਮ. ਗੁਰਪ੍ਰੀਤ ਸਿੰਘ ਜੰਮੂ ਨੇ ਕਿਹਾ ਕਿ ਉਨ੍ਹਾਂ ਕੋਲ 1050 ਗਜ ਸ਼ੋਅਰੂਮ ਦੀ ਜਗ੍ਹਾ ਹੈ ਅਤੇ ਇਸ ਦਾ ਨਗਰ ਨਿਗਮ ਨੇ 2012 ਵਿਚ ਨਕਸ਼ਾ ਵੀ ਪਾਸ ਕੀਤਾ ਹੋਇਆ ਹੈ |ਇਸ ਸਭ ਦੇ ਬਾਵਜੂਦ ਨਗਰ ਨਿਗਮ ਨੇ ਇਸ ਉਸਾਰੀ ਨੂੰ ਨਾਜਾਇਜ਼ ਦੱਸ ਕੇ ਸ਼ੋਅਰੂਮ ਦੇ ਸਾਹਮਣੇ ਵਾਲੀ ਜਗ੍ਹਾ ਤੋੜ ਦਿੱਤੀ | ਇਸ ਸੰਬੰਧੀ ਆਪਣਾ ਪੱਖ ਦੱਸਦਿਆਂ ਜੀ.ਐਮ. ਗੁਰਪ੍ਰੀਤ ਸਿੰਘ ਜੰਮੂ ਨੇ ਕਿਹਾ ਕਿ ਇਸ ਜਗ੍ਹਾ ਸੰਬੰਧੀ ਉਨ੍ਹਾਂ ਕੋਲ ਮਾਣਯੋਗ ਅਦਾਲਤ ਦੀ ਸਟੇਅ ਹੈ | ਪਰ ਇਹ ਸਭ ਕੁਝ ਦੱਸਣ ਦੇ ਬਾਵਜੂਦ ਉਨ੍ਹਾਂ ਉੱਤੇ ਮਿੱਥ ਕੇ ਗ਼ੈਰਕਾਨੰੂਨੀ ਕਾਰਵਾਈ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਅੱਜ ਮੁੜ ਕੋਰਟ ਦਾ ਦਰਵਾਜਾ ਖੜਕਾ ਦਿੱਤਾ ਹੈ ਅਤੇ ਕੀਤੀ ਗਈ ਇਸ ਕਾਰਵਾਈ ਵਿਰੁੱਧ ਉਹ ਆਪਣੀ ਪੂਰੀ ਲੜਾਈ ਲੜਨਗੇ | ਇਸ ਮੌਕੇ ਸ. ਜੰਮੂ ਨੇ ਕਿਹਾ ਕਿ ਨਿਗਮ ਦੇ ਇਕ ਪਟਵਾਰੀ ਨੇ ਉਨ੍ਹਾਂ ਨੂੰ ਪਹਿਲਾਂ ਵੀ ਪੈਸਿਆਂ ਦੀ ਲੈਣ-ਦੇਣ ਦੀ ਗੱਲ ਕੀਤੀ ਸੀ ਜਿਸ ਨੂੰ ਉਨ੍ਹਾਂ ਨਕਾਰ ਕੇ ਅੱਗੇ ਕੁਝ ਸਿਆਸੀ ਲੀਡਰਾਂ ਨੂੰ ਇਸ ਬਾਰੇ ਦੱਸਿਆ ਸੀ ਅਤੇ ਇਸ ਉਪਰੰਤ ਉਸ ਦੀ ਬਦਲੀ ਵੀ ਕੀਤੀ ਗਈ ਸੀ | ਉਨ੍ਹਾਂ ਕਿਹਾ ਕਿ ਹੁਣ ਦੁਬਾਰਾ ਫਿਰ ਇਹ ਪਟਵਾਰੀ ਉਨ੍ਹਾਂ ਤੋਂ ਰਿਸ਼ਵਤ ਲੈਣਾ ਚਾਹੁੰਦਾ ਹੈ ਅਤੇ ਅਸੀਂ ਇਸ ਸੰਬੰਧੀ ਸਬੂਤਾਂ ਸਮੇਤ ਮਾਣਯੋਗ ਅਦਾਲਤ ਵਿਚ ਜਾਵਾਂਗੇ ਅਤੇ ਇਸ ਵਿਰੁੱਧ ਸਖਤ ਕਾਰਵਾਈ ਦੀ ਮੰਗ ਕਰਾਂਗੇ |