ਪਟਿਆਲਾ, 26 ਸਤੰਬਰ (ਮਨਦੀਪ ਸਿੰਘ ਖਰੌੜ)-ਆਨਲਾਈਨ ਚੋਰਾਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਉਹ ਬੇਝਿਜਕ ਵਿਅਕਤੀਆਂ ਦੀ ਸੰਵੇਦਨਾ ਨਾਲ ਖੇਡ ਕੇ ਪੈਸੇ ਕਮਾਉਣ ਨੂੰ ਜਰੀਆ ਬਣਾ ਲਿਆ ਹੈ | ਇਸੇ ਸਿਲਸਿਲੇ ਤਹਿਤ ਵਿਦੇਸ਼ 'ਚ ਰਹਿਣ ਵਾਲੇ ਇਕ ਲੜਕੇ ਦੀ ਮੌਤ ਦੀ ਝੂਠੀ ਕਹਾਣੀ ਬਣਾ ਕੇ ਪਟਿਆਲਾ ਜ਼ਿਲ੍ਹੇ 'ਚ ਵੱਸਦੇ ਉਸ ਦੇ ਮਾਪਿਆਂ ਤੋਂ 21 ਲੱਖ ਰੁਪਏ ਤੋਂ ਵੱਧ ਰਕਮ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਕੁਲਦੀਪ ਸਿੰਘ ਜ਼ਿਲ੍ਹਾ ਪਟਿਆਲਾ ਨੇ ਦਸਿਆ ਕਿ ਉਨ੍ਹਾਂ ਨੂੰ ਕਿਸੇ ਵਿਅਕਤੀ ਦਾ ਫ਼ੋਨ ਆਇਆ ਕਿ ਉਸ ਦੇ ਲੜਕੇ ਦੀ ਵਿਦੇਸ਼ 'ਚ ਮੌਤ ਹੋ ਚੁੱਕੀ ਹੈ ਅਤੇ ਹੋਰ ਝੂਠੀਆਂ ਕਹਾਣੀਆਂ ਬਣਾ ਕੇ ਉਨ੍ਹਾਂ ਤੋਂ 21 ਲੱਖ 30 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ ਹੈ | ਇਸ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਅਜਿਹੇ ਹੀ ਇਕ ਹੋਰ ਮਾਮਲੇ 'ਚ ਆਨਲਾਈਨ ਚੋਰਾਂ ਨੇ ਇੱਥੋਂ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਫ਼ੋਨ ਕਰ ਕੇ ਦਸਿਆ ਉਹ ਉਸ ਦਾ ਵਿਦੇਸ਼ੀ ਦੋਸਤ ਹੈ | ਉਸ ਨੂੰ ਗੱਲਾਂ-ਬਾਤਾਂ 'ਚ ਲਾ ਕੇ ਉਸ ਤੋਂ 14 ਲੱਖ 13 ਹਜ਼ਾਰ ਰੁਪਏ ਠੱਗ ਲਏ | ਉਕਤ ਸ਼ਿਕਾਇਤ ਜਗਜੀਤ ਕੁਮਾਰ ਵਾਸੀ ਪਟਿਆਲਾ ਨੇ ਥਾਣਾ ਸਾਈਬਰ ਕ੍ਰਾਈਮ ਪਟਿਆਲਾ 'ਚ ਦਰਜ ਕਰਵਾਈ ਸੀ | ਜਿਸ ਆਧਾਰ 'ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ |