ਪਟਿਆਲਾ, 27 ਸਤੰਬਰ (ਮਨਦੀਪ ਸਿੰਘ ਖਰੌੜ)-ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਪਰਿਵਾਰ ਨਾਲ ਸਰਕਾਰ ਤੇ ਪੁਲਿਸ ਵਲੋਂ ਕੀਤੇ ਜਾ ਰਹੀ ਧੱਕੇਸ਼ਾਹੀ ਦੀ ਵੀਡੀਓ ਨਸ਼ਰ ਹੋਣ ਤੋਂ ਬਾਅਦ, ਸਨੌਰ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਵਿਧਾਇਕ ਪਠਾਣਮਾਜਰਾ ਦੀ ਪਤਨੀ ਸਿਮਰਨਪ੍ਰੀਤ ਕੌਰ ਦਾ ਹਾਲ ਚਾਲ ਪੁੱਛਣ ਲਈ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਚ ਪਹੁੰਚੇ | ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਸਨੌਰ ਹਲਕਾ ਉਨ੍ਹਾਂ ਦਾ ਆਪਣਾ ਪਰਿਵਾਰ ਹੈ | ਇਸ ਕਰਕੇ ਉਹ ਵਿਧਾਇਕ ਦੇ ਪਰਿਵਾਰ ਨਾਲ ਹੋ ਰਹੇ ਧੱਕੇ ਦੇ ਖਿਲਾਫ ਆਵਾਜ ਬੁਲੰਦ ਕਰਨਗੇ | ਭਾਵੇਂ ਕਿ ਉਹ ਪਠਾਣਮਾਜਰਾ ਦੇ ਵਿਰੋਧੀ ਰਹੇ ਹਨ ਉਸ ਦੇ ਖਿਲਾਫ ਚੋਣ ਲੜੀ ਹੈ, ਪਰ ਇਥੇ ਮਸਲਾ ਇਨਸਾਨੀਅਤ ਦਾ ਹੈ | ਪਠਾਣਮਾਜਰਾ ਦੇ ਭਾਵੁਕ ਵੀਡੀਓ ਦੇਖ ਕੇ ਉਹ ਰਹਿ ਨਹੀਂ ਸਕੇ ਉਹ ਇਸ ਔਖੀ ਘੜੀ ਵਿਚ ਉਹ ਪਠਾਣਮਾਜਰਾ ਦੇ ਪਰਿਵਾਰ ਦੇ ਨਾਲ ਹਲਕਾ ਸਨੌਰ ਦੇ ਜਮਹੂਰੀਅਤ ਜਿਉਂਦੇ ਰੱਖਣ ਵਾਲੇ ਹਰ ਵਿਅਕਤੀ ਨੂੰ ਖੜਨਾ ਚਾਹੀਦਾ ਹੈ | ਇਸ ਮਸਲੇ ਨੂੰ ਲੈ ਕੇ ਉਹ ਸੂਬਾ ਸਰਕਾਰ ਅਤੇ ਪੁਲਿਸ ਦੇ ਉਚ ਅਧਿਕਾਰੀ ਕੋਲ ਪਹੁੰਚ ਕਰਨਗੇ | ਉਨ੍ਹਾਂ ਕਿਹਾ ਕਿ ਹਰਮੀਤ ਸਿੰਘ ਪਠਾਣਮਾਜਰਾ ਨੇ ਜੋ ਕੁਝ ਵੀ ਕੀਤਾ ਉਸ 'ਤੇ ਸਰਕਾਰੀ ਤੇ ਪੁਲਿਸ ਕਾਰਵਾਈ ਕਰੇ ਪਰ ਉਨ੍ਹਾਂ ਦੇ ਪਰਿਵਾਰ ਨੂੰ ਇਸ ਮਾਮਲੇ ਵਿਚ ਤੰਗ ਪ੍ਰੇਸ਼ਾਨ ਨਾ ਕਰੇ | ਸ. ਚੰਦੂਮਾਜਰਾ ਨੇ ਕਿਹਾ ਕਿ ਉਹ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਉਨ੍ਹਾਂ ਪਹਿਲਾਂ ਵੀ ਭਾਈ ਹਵਾਰਾ ਦਾ ਮਾਮਲਾ, ਸੰਦੀਪ ਸਿੰਘ ਸੰਨੀ ਅਤੇ ਬਿਕਰਮ ਸਿੰਘ ਮਜੀਠੀਆ ਦੇ ਕੇਸ 'ਚ ਵੀ ਉਹ ਸਰਕਾਰ ਵਲੋਂ ਕੀਤੀਆਂ ਜਾ ਵਧੀਕੀਆਂ ਦੇ ਖਿਲਾਫ ਖੜੇ ਹਨ ਅਤੇ ਜਦੋਂ ਵੀ ਇਨਸਾਨੀਅਤ ਨਾਲ ਕਿਧਰੇ ਵੀ ਧੱਕਾ ਹੋਵੇਗਾ ਤਾਂ ਉਹ ਲੋੜਵੰਦ ਵਿਅਕਤੀ ਨਾਲ ਹਮੇਸ਼ਾ ਖੜਨਗੇ¢