ਸਨੌਰ, 27 ਸਤੰਬਰ (ਸੋਖਲ)-ਨਵੋਦਿਆ ਪਰਿਵਾਰ ਦੀ ਐਲੂਮਨੀ ਮੀਟ 11 ਅਕਤੂਬਰ ਨੂੰ ਪਟਿਆਲਾ ਦੇ ਇਕ ਨਿੱਜੀ ਪੈਲਸ ਵਿਖੇ ਕਰਵਾਈ ਜਾਵੇਗੀ | ਇਸ ਸੰਬੰਧੀਆਖ਼ਰੀ ਪ੍ਰੀ-ਮੀਟ ਜੇਐੱਨਵੀ ਪਟਿਆਲਾ ਦੇ ਸਾਬਕਾ ਵਿਦਿਆਰਥੀ ਅਤੇ ਪੰਜਾਬ ਸਟੇਟ ਕੰਟੇਨਰ ਐਂਡ ਵੇਅਰਹਾਊਸਿੰਗ ਕਾਰਪੋਰੇਸ਼ਨ ਲਿਮਿਟਿਡ ਦੇ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਦੇ ਨਿਵਾਸ 'ਤੇ ਹੋਈ, ਜਿਸ ਵਿੱਚ ਵੱਖ-ਵੱਖ ਬੈਚਾਂ ਦੇ ਸਾਬਕਾ ਵਿਦਿਆਰਥੀਆਂ ਨੇ ਭਾਗ ਲਿਆ | ਦੱਸਣਯੋਗ ਹੈ ਜਵਾਹਰ ਨਵੋਦਿਆ ਵਿਦਿਆਲਿਆ ਦੇ ਸਾਬਕਾ ਵਿਦਿਆਰਥੀ ਹਰ ਸਾਲ 'ਨਵੋਦਿਆ ਪਰਿਵਾਰ' ਦੇ ਨਾਮ ਹੇਠ ਐਲੂਮਨੀ ਮੀਟ ਕਰਦੇ ਹਨ | ਇਸ ਵਾਰ ਦੀ ਐਲੂਮਨੀ ਮੀਟ ਦਾ ਆਯੋਜਨ ਜੇਐੱਨਵੀ ਫਤਿਹਪੁਰ ਰਾਜਪੂਤਾਂ ਦੇ ਸਾਬਕਾ ਵਿਦਿਆਰਥੀਆਂ ਵਲੋਂ ਕੀਤਾ ਜਾ ਰਿਹਾ ਹੈ, ਜਦਕਿ ਪੂਰਾ ਪ੍ਰਬੰਧ ਜੇਐੱਨਵੀ ਪਟਿਆਲਾ ਐਲੂਮਨੀ ਐਸੋਸੀਏਸ਼ਨ ਦੇ ਹਵਾਲੇ ਹੈ | ਐਸੋਸੀਏਸ਼ਨ ਦੇ ਪ੍ਰਧਾਨ ਗੁਰਧਿਆਨ ਸਿੰਘ ਆਲੋਵਾਲ ਅਤੇ ਜਰਨਲ ਸਕੱਤਰ ਅਮਨਦੀਪ ਕੁਮਾਰ ਨੰਦਪੁਰ ਕੇਸ਼ੋ ਨੇ ਦੱਸਿਆ ਕਿ ਇਹ ਮੀਟ ਬਹੁਤ ਯਾਦਗਾਰ ਹੋਵੇਗੀ | ਇਹ ਮਰਹੂਮ ਪਿ੍ੰਸੀਪਲ ਹਰਚਰਨ ਸਿੰਘ ਅਤੇ ਮਰਹੂਮ ਆਰਟ ਟੀਚਰ ਭੁਪਿੰਦਰ ਸਿੰਘ ਨੂੰ ਸਮਰਪਿਤ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਮੌਕੇ ਸਕੂਲ ਦੇ ਸਾਰੇ ਸਾਬਕਾ ਅਧਿਆਪਕਾਂ ਦਾ ਸਨਮਾਨ ਵੀ ਹੋਵੇਗਾ | ਉਨ੍ਹਾਂ ਕਿਹਾ ਕਿ ਇਸ ਵਾਰ ਐਲੂਮਨੀ ਮੀਟ ਵਿਚ ਇਕ ਖ਼ਾਸ ਆਰਟ ਗੈਲਰੀ ਵੀ ਲਗਾਈ ਜਾਵੇਗੀ, ਜਿਸ ਦੀ ਕਮਾਂਡ ਨਵੋਦਿਆ ਦੇ ਪ੍ਰਸਿੱਧ ਪੇਂਟਰ ਮਾਸਟਰ ਬਲਵਿੰਦਰ ਸਿੰਘ ਕਰਣਗੇ | ਇਸ ਮੌਕੇ ਗੁਰਬਚਨ ਸਿੰਘ ਭੱਟੀਆਂ, ਐਡਵੋਕੇਟ ਆਤਮਜੀਤ ਸਿੰਘ ਕਾਹਲੋਂ, ਅਮਰਿੰਦਰ ਸਿੰਘ ਫਤਿਹਪੁਰ, ਜਤਿੰਦਰ ਸਿੰਘ ਹੀਰਾਗੜ੍ਹ, ਹਰਦੇਵ ਸਿੰਘ ਪੋਪੀ, ਸੁਰਿੰਦਰ ਸਿੰਘ ਦੇਵੀਗੜ੍ਹ, ਹਰਸ਼ ਵਾਲੀਆ ਸਨੌਰ, ਸੁਖਵਿੰਦਰ ਸਿੰਘ ਭਟੇੜੀ, ਕਰਮਜੀਤ ਸਿੰਘ ਅਰਾਈਮਾਜਰਾ, ਗੁਰਬਖਸ਼ ਸਿੰਘ ਰਿਸ਼ੀ ਕਾਲੋਨੀ , ਰਮਨਪ੍ਰੀਤ ਸਿੰਘ ਕੱਕੇਪੁਰ, ਗੁਰਵਿੰਦਰ ਸਿੰਘ ਖੁੱਡਾ, ਹਰਵਿੰਦਰ ਸਿੰਘ ਖੁੱਡਾ ਤੇ ਹੋਰ ਮੌਜੂਦ ਸਨ |