ਰਾਜਪੁਰਾ, 27 ਸਤੰਬਰ (ਜੀ.ਪੀ. ਸਿੰਘ)-ਸਥਾਨਕ ਨਗਰ ਕੌਂਸਲ ਦੇ ਹਾਊਸ ਦੀ ਸਾਧਾਰਨ ਬੈਠਕ ਹੋਈ | ਜਿਸ ਵਿਚ ਸਭ ਤੋਂ ਪਹਿਲਾਂ ਲੰਘੇ ਦਿਨੀਂ ਪੰਜਾਬ ਵਿਚ ਹੜ੍ਹਾਂ ਨਾਲ ਹੋਈ ਤਬਾਹੀ ਕਾਰਨ ਆਪਣੀਆਂ ਜਾਨਾਂ ਗੁਆ ਚੁੱਕੇ ਲੋਕਾਂ ਦੀ ਆਤਮਾ ਦੀ ਸ਼ਾਂਤੀ ਲਈ ਇਕ ਮਿੰਟ ਦਾ ਮੌਨ ਰੱਖਿਆ ਗਿਆ | ਜਿਸ ਉਪਰੰਤ ਜਿੱਥੇ ਸ਼ਹਿਰ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ ਤੇ ਵਿਚਾਰ ਵਿਚਾਰ ਕਰਕੇ ਪ੍ਰਵਾਨਗੀ ਦਿੱਤੀ ਗਈ ਉੱਥੇ ਬੈਠਕ 'ਚ ਨਗਰ ਕੌਂਸਲ ਦੇ ਰਾਜਪੁਰਾ ਦੇ ਪ੍ਰਧਾਨ ਨਰਿੰਦਰ ਕੁਮਾਰ ਸ਼ਾਸਤਰੀ ਵਲੋਂ ਲੰਘੀ ਦਿਨੀਂ ਪੰਜਾਬ 'ਚ ਆਈ ਹੜ੍ਹਾਂ ਦੀ ਮਾਰ ਕਾਰਨ ਮਰੇ ਪਸ਼ੂ, ਲੋਕ ਅਤੇ ਲੱਖਾਂ ਏਕੜ ਤਬਾਹ ਹੋਈ ਫ਼ਸਲ ਅਤੇ ਹੋਰ ਹੋਈ ਤਬਾਹੀ ਨੂੰ ਦੇਖਦਿਆਂ ਪੰਜਾਬ ਸਰਕਾਰ ਦੀ ਮਦਦ ਕਰਨ ਨੂੰ ਮੱਦੇਨਜ਼ਰ ਰੱਖਦਿਆਂ ਮੁੱਖ ਮੰਤਰੀ ਰਾਹਤ ਫੰਡ ਲਈ 21 ਲੱਖ ਰੁਪਏ ਭੇਜਣ ਦੀ ਤਜਵੀਜ਼ ਰੱਖੀ ਗਈ | ਜਿਸ ਨੂੰ ਬੈਠਕ ਵਿਚ ਹਾਜ਼ਰ ਮੈਂਬਰਾਂ ਨੇ ਤੁਰੰਤ ਸਵੀਕਾਰ ਕਰ ਲਿਆ ਤੇ ਮਤਾ ਪਾਸ ਕਰ ਦਿੱਤਾ ਗਿਆ | ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਨੇ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਵਿਚ ਵੱਡੀ ਤਬਾਈ ਹੋਈ ਹੈ ਤੇ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ ਹਜ਼ਾਰਾਂ ਲੋਕਾਂ ਦੇ ਮੁੜ ਵਸੇਬੇ ਲਈ ਮਦਦ ਦੀ ਬਹੁਤ ਜ਼ਰੂਰਤ ਹੈ | ਹਰ ਜਾਗਰੂਕ ਪੰਜਾਬੀ ਨੇ ਆਪਣੇ ਆਪਣੇ ਪੱਧਰ 'ਤੇ ਆਪਣਾ ਯੋਗਦਾਨ ਵੀ ਪਾਇਆ ਹੈ | ਇਸ ਕੰਮ ਲਈ ਐੱਨ.ਆਰ.ਆਈ. ਲੋਕਾਂ ਅਤੇ ਦੇਸ਼ ਦੇ ਦੂਜੇ ਹਿੱਸਿਆਂ ਵਿਚੋਂ ਵੀ ਮਦਦ ਲਈ ਹੱਥ ਅੱਗੇ ਵਧੇ ਹਨ | ਇਸ ਲਈ ਉਹ ਚਾਹੁੰਦੇ ਹਨ ਕਿ ਨਗਰ ਕੌਂਸਲ ਰਾਜਪੁਰਾ ਦੇ ਫ਼ੰਡਾਂ ਵਿਚੋਂ 21 ਲੱਖ ਰੁਪਏ ਮੁੱਖ ਮੰਤਰੀ ਹੜ੍ਹ ਰਾਹਤ ਫੰਡ ਵਿਚ ਭੇਜਿਆ ਜਾ ਰਿਹਾ ਹੈ | ਜਿਸ ਵਿਚ ਬੈਠਕ 'ਚ ਹਾਜ਼ਰ ਸਮੂਹ ਮੈਂਬਰਾਂ ਨੇ ਸਰਬ ਸੰਮਤੀ ਨਾਲ ਇਸ ਮਤੇ ਨੂੰ ਪ੍ਰਵਾਨਗੀ ਦਿੱਤੀ ਹੈ | ਹਾਊਸ ਵੱਲੋਂ ਮਾਨਯੋਗ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਪੰਜਾਬ ਨੂੰ ਬੇਨਤੀ ਕੀਤੀ ਕਿ ਇਸ ਮਤੇ ਨੂੰ ਤੁਰੰਤ ਪ੍ਰਵਾਨਗੀ ਦਿੱਤੀ ਜਾਵੇ ਤਾਂ ਜੋ ਇਹ ਰਕਮ ਮੁੱਖ ਮੰਤਰੀ ਰਾਹਤ ਫੰਡ ਲਈ ਜਲਦੀ ਭੇਜੀ ਜਾ ਸਕੇ |