ਪਟਿਆਲਾ, 27 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਵਿਚ ਅਧਿਕਾਰੀਆਂ ਦੀ ਜਲਦਬਾਜ਼ੀ ਸੂਬਾ ਸਰਕਾਰ ਦੀ ਵੱਡੀ ਫਜੀਹਤ ਦਾ ਕਾਰਨ ਬਣ ਜਾਂਦੀ ਹੈ | ਮਾਮਲਾ ਬਗੈਰ ਕਿਸੇ ਮਨਜ਼ੂਰੀ ਦੇ ਇੰਟਰਵਿਊ ਲੈਣ ਅਤੇ ਸਿਲੈੱਕਸ਼ਨ ਕਰਨ ਦਾ ਸਾਹਮਣੇ ਆ ਰਿਹਾ ਹੈ | ਇੰਨੀ ਜਲਦਬਾਜ਼ੀ 'ਚ ਆਖਿਰ ਕਿਉਂ ਇੰਟਰਵਿਊ ਲਈ, ਪੂਰੇ ਦੇਸ਼ ਤੋਂ ਚਾਹਵਾਨਾਂ ਨੂੰ ਸੱਦਾ ਦੇ ਦਿੱਤਾ ਗਿਆ | ਹੈਰਾਨੀ ਦੀ ਗੱਲ ਇਹ ਹੈ ਕਿ ਇੰਟਰਵਿਊ ਲਈ ਸਮਰਥ ਉਮੀਦਵਾਰਾਂ ਦੀ ਇੰਟਰਵਿਊ ਦੌਰਾਨ ਉਹ ਅਧਿਕਾਰੀ ਵੀ ਬੈਠਿਆ ਦਸਿਆ ਜਾਂਦਾ ਹੈ ਜਿਸ ਦਾ ਫਿਲਹਾਲ ਨਗਰ ਨਿਗਮ ਨਾਲ ਕੋਈ ਵਾਹ ਵਾਸਤਾ ਨਹੀਂ ਹੈ | ਅਸਿਸਟੈਂਟ ਪ੍ਰੋਜੈਕਟ ਮੈਨੇਜਰ (ਏ.ਪੀ.ਐਮ.) ਜਿਸ ਦੀ ਮਹੀਨਾਵਾਰ ਤਨਖ਼ਾਹ 35 ਹਜ਼ਾਰ ਤੈਅ ਦਸੀ ਜਾ ਰਹੀ ਹੈ | ਬਗੈਰ ਸਰਕਾਰ ਦੀ ਮਨਜ਼ੂਰੀ ਦੇ ਇਸ ਤਰ੍ਹਾਂ ਭਰਤੀ ਕਰਨਾ ਕਿਥੋਂ ਤੱਕ ਸਹੀ ਹੈ ਇਹ ਪੜਤਾਲ ਦਾ ਵਿਸ਼ਾ ਹੈ | ਸੂਤਰ ਦਸਦੇ ਹਨ ਕਿ ਇੰਟਰਵਿਊ ਲੈ ਕੇ ਭਰਤੀ ਕਰਨ ਤੋਂ ਬਾਅਦ ਆਉਂਦੇ ਜਨਰਲ ਹਾਊਸ 'ਚ ਮਤਾ ਲਾ ਕੇ ਪਾਸ ਕਰਵਾਉਣ ਦੀ ਕਵਾਇਦ ਸ਼ੁਰੂ ਕੀਤੀ ਗਈ ਹੈ | ਇੱਥੇ ਦੱਸਣਯੋਗ ਹੈ ਕਿ ਪੀ.ਆਈ.ਐਮ.ਆਈ.ਡੀ.ਸੀ. ਵਲੋਂ ਸੂਬੇ ਅੰਦਰ ਸਾਰੀਆਂ ਨਗਰ ਨਿਗਮ ਨੂੰ ਕਮਿਊਨਿਟੀ ਫੈਸਲੀਲੇਟਰ ਵਜੋਂ ਮੁਲਾਜ਼ਮ ਰੱਖਣ ਦੀ ਗਲ ਕਹੀ ਗਈ ਸੀ | ਜਿਸ ਤਹਿਤ ਪਟਿਆਲਾ ਨਗਰ ਨਿਗਮ ਦੇ ਹਿੱਸੇ 4 ਅਸਾਮੀਆਂ ਆਈਆਂ ਸਨ ਜਿਸ ਤੋਂ ਬਾਅਦ ਬਗੈਰ ਕਿਸੇ ਮਨਜ਼ੂਰੀ ਦੇ ਹੀ ਇਹ ਵਧਾ ਕੇ 25 ਅਸਿਸਟੈਂਟ ਪ੍ਰੋਜੈਕਟ ਮੈਨੇਜਰ, 5 ਪ੍ਰੋਜੈਕਟ ਮੈਨੇਜਰ ਹੈਲਥ ਸ਼ਾਖਾ ਲਈ, 7 ਪ੍ਰੋਜੈਕਟ ਮੈਨੇਜਰ ਇੰਜੀਨੀਅਰਿੰਗ ਸ਼ਾਖਾ ਲਈ ਕਰ ਦਿੱਤੇ ਗਏ ਜਿਨ੍ਹਾਂ 'ਚ ਇੰਟਰਵਿਊ ਲੈ ਕੇ 10 ਤੋਂ 11 ਵਿਅਕਤੀਆਂ ਨੂੰ ਨਿਯੁਕਤ ਕਰਨ ਦੀ ਗੱਲ ਸਾਹਮਣੇ ਆਈ ਹੈ | ਵੱਡੇ ਤੋਂ ਲੈ ਕੇ ਛੋਟੇ ਮੁਲਾਜ਼ਮ, ਲੋਕਾਂ ਦੁਆਰਾ ਚੁਣੇ ਗਏ ਨੁਮਾਇੰਦੇ ਇਸ ਕਾਰਵਾਈ ਤੋਂ ਬੇਹੱਦ ਹੈਰਾਨ ਹਨ ਕਿਸੇ ਨੂੰ ਸਮਝ ਨਹੀਂ ਆ ਰਹੀ ਕਿ ਸਰਕਾਰ ਤੋਂ ਮਨਜ਼ੂਰੀ ਲਏ ਤੋਂ ਬਗੈਰ ਹੀ ਇੰਨੀ ਵੱਡੀ ਕਾਰਵਾਈ ਕਿਵੇਂ ਅਮਲ 'ਚ ਲਿਆਂਦੀ ਜਾ ਸਕਦੀ ਹੈ | ਮਾਹਿਰਾਂ ਦੇ ਮੁਤਾਬਿਕ ਜੇ ਬਗੈਰ ਕਿਸੇ ਸਰਕਾਰੀ ਮਨਜ਼ੂਰੀ ਤੋਂ ਇਹ ਭਰਤੀ ਕਰ ਲਈ ਵੀ ਜਾਂਦੀ ਹੈ ਤਾਂ ਇਨ੍ਹਾਂ ਨੂੰ ਤਨਖ਼ਾਹ ਕਿੱਥੋਂ ਦਿੱਤੀ ਜਾਵੇਗੀ, ਇਹ ਵੀ ਵੱਡਾ ਸਵਾਲ ਖੜ੍ਹਾ ਹੁੰਦਾ ਹੈ | ਇਸ ਸੰਬੰਧੀ ਪੁੱਛੇ ਜਾਣ 'ਤੇ ਮੇਅਰ ਕੁੰਦਨ ਗੋਗੀਆਂ ਨੇ ਕਿਹਾ ਕਿ ਉਹ ਇਸ ਸੰਬੰਧੀ ਅਣਜਾਣ ਹਨ | ਉਨ੍ਹਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਕਿ ਇਹ ਕਾਰਵਾਈ ਕਿਸ ਅਧਿਕਾਰੀ ਵਲੋਂ ਅਮਲ ਵਿਚ ਲਿਆਂਦੀ ਜਾ ਰਹੀ ਸੀ | ਇਸ ਸੰਬੰਧੀ ਕਮਿਸ਼ਨਰ ਨਗਰ ਨਿਗਮ ਪਰਮਬੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸੰਬੰਧੀ ਫਿਲਹਾਲ ਕੁੱਝ ਨਹੀਂ ਦੱਸ ਸਕਦੇ |