ਸਨੌਰ, 18 ਅਕਤੂਬਰ (ਸੋਖਲ)-ਕੇਂਦਰ ਸਰਕਾਰ ਦੇ ਸੰਸਦੀ ਮਾਮਲਿਆਂ ਵਿਭਾਗ ਵਲੋਂ ਜਵਾਹਰ ਨਵੋਦਿਆ ਸਕੂਲ ਫਤਿਹਪੁਰ ਰਾਜਪੂਤਾਂ ਵਿਚ ਯੂਥ ਪਾਰਲੀਮੈਂਟ ਦਾ ਆਯੋਜਨ ਕੀਤਾ ਗਿਆ | ਇਸ ਸਮਾਗਮ ਵਿਚ ਵਿਧਾਨ ਸਭਾ ਹਲਕਾ ਸਨੌਰ ਦੇ ਸਾਬਕਾ ਵਿਧਾਇਕ ਅਤੇ ਸੀਨੀਅਰ ਆਗੂ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਸ਼ਿਮਲਾ, ਕਾਂਗੜਾ ਅਤੇ ਮੋਗਾ ਦੇ ਜਵਾਹਰ ਨਵੋਦਿਆ ਸਕੂਲਾਂ ਦੀਆਂ ਤਿੰਨ ਟੀਮਾਂ ਨੇ ਹਿੱਸਾ ਲਿਆ | ਵਿਦਿਆਰਥੀਆਂ ਨੇ ਲੋਕ ਸਭਾ ਦੀ ਕਾਰਵਾਈ ਦੇ ਤਰੀਕੇ ਨੂੰ ਬਹੁਤ ਸੁਲਝੇ ਹੋਏ ਢੰਗ ਨਾਲ ਪੇਸ਼ ਕੀਤਾ ਜਿਸ ਵਿਚ ਸਵਾਲ-ਜਵਾਬ, ਬਿੱਲ ਪੇਸ਼ ਕਰਨਾ ਅਤੇ ਵੱਖ-ਵੱਖ ਪ੍ਰਸਤਾਵਾਂ 'ਤੇ ਬਹਿਸ ਸ਼ਾਮਲ ਸੀ | ਸਾਬਕਾ ਵਿਧਾਇਕ ਚੰਦੂਮਾਜਰਾ ਨੇ ਆਪਣੇ ਵਿਧਾਇਕੀ ਤਜਰਬੇ ਸਾਂਝੇ ਕਰਦਿਆਂ ਵਿਦਿਆਰਥੀਆਂ ਦੇ ਜੋਸ਼ ਅਤੇ ਗਿਆਨ ਦੀ ਪ੍ਰਸੰਸਾ ਕੀਤੀ | ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਨੌਜਵਾਨ ਪੀੜ੍ਹੀ ਨੂੰ ਸਿਆਸਤ ਅਤੇ ਸੰਸਦੀ ਪ੍ਰਣਾਲੀ ਦੀ ਸਮਝ ਦੇਣ ਨਾਲ ਨਾਲ ਚੰਗੀ ਲੀਡਰਸ਼ਿਪ ਤਿਆਰ ਕਰਨ ਵੱਲ ਵੀ ਮਹੱਤਵਪੂਰਨ ਕਦਮ ਹਨ | ਉਨ੍ਹਾਂ ਨੇ ਕਿਹਾ ਕਿ ''ਚੰਗਾ ਸਿਆਸਤਦਾਨ ਬਣਨ ਲਈ ਪਹਿਲੀ ਪੌੜੀ ਚੰਗਾ ਇਨਸਾਨ ਬਣਨ ਦੀ ਹੈ,'' ਅਤੇ ਜੋੜਿਆ ਕਿ ਵੋਟਰਾਂ ਨੂੰ ਚੋਣ ਦੌਰਾਨ ਉਮੀਦਵਾਰ ਦੀ ਪੜ੍ਹਾਈ, ਇੱਛਾ ਸਕਤੀ ਅਤੇ ਕਿਰਦਾਰ ਦੇ ਅਧਾਰ 'ਤੇ ਫ਼ੈਸਲਾ ਕਰਨਾ ਚਾਹੀਦਾ ਹੈ | ਇਹ ਯੂਥ ਪਾਰਲੀਮੈਂਟ ਸਮਾਗਮ ਨੌਜਵਾਨਾਂ ਵਿਚ ਰਾਜਨੀਤਕ ਜਾਗਰੂਕਤਾ ਅਤੇ ਲੋਕਤੰਤਰਿਕ ਮੁੱਲਾਂ ਪ੍ਰਤੀ ਰੁਚੀ ਵਧਾਉਣ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋਇਆ | ਸਕੂਲ ਦੇ ਪਿ੍ੰਸੀਪਲ ਗੁਰਜਿੰਦਰ ਸਿੰਘ ਨੇ ਚੰਦੂਮਾਜਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹਾਜ਼ਰੀ ਨਾਲ ਵਿਦਿਆਰਥੀਆਂ ਨੂੰ ਪ੍ਰੇਰਨਾ ਮਿਲੀ ਹੈ | ਇਸ ਮੌਕੇ 'ਤੇ ਚਰਨਜੀਤ ਸਿੰਘ ਗਰੋਵਰ ਸਾਬਕਾ ਸਲਾਹਕਾਰ ਮੁੱਖ ਮੰਤਰੀ ਪੰਜਾਬ, ਕਸ਼ਮੀਰ ਸਿੰਘ ਫਤਿਹਪੁਰ ਰਾਜਪੂਤਾਂ, ਗੁਰਮੁਖ ਸਿੰਘ ਸੁਹਾਗਹੇੜੀ, ਰਵਿੰਦਰ ਕੁਮਾਰ ਪਿ੍ੰਸੀਪਲ ਜਵਾਹਰ ਨਵੋਦਿਆ ਸਕੂਲ ਨਵਾਂ ਸਹਿਰ ਸਮੇਤ ਕਈ ਹੋਰ ਵਿਅਕਤੀਗਣ ਤੇ ਅਧਿਆਪਕ ਮੌਜੂਦ ਸਨ |