ਮਲੋਟ, 26 ਅਗਸਤ (ਪਾਟਿਲ)- ਸ੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਤੋਂ ਬਾਅਦ ਉਹ ਪਹਿਲੀ ਵਾਰ ਅੱਜ ਮਲੋਟ ਦਾਣਾ ਮੰਡੀ ਵਿਖੇ ਜਨਤਕ ਰੈਲੀ ਨੂੰ ਸੰਬੋਧਨ ਕਰਨ ਜਾ ਰਹੇ ਹਨ। ਹਮਲੇ ਤੋਂ ਬਾਅਦ ਉਨ੍ਹਾਂ ਵਲੋਂ ਜਨਤਕ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਸਨ। ਇਸ ਲਈ ਮਲੋਟ ਵਿਚ ਹੋਣ ਵਾਲੀ ਇਹ ਰੈਲੀ ਅਕਾਲੀ ਦਲ ਦੇ ਵਰਕਰਾਂ ਅਤੇ ਸਮਰਥਕਾਂ ਲਈ ਖਾਸ ਮਹੱਤਵ ਰੱਖਦੀ ਹੈ। ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਨੇ ਦੱਸਿਆ ਕਿ ਰੈਲੀ ਨੂੰ ਲੈ ਕੇ ਪਿੰਡਾਂ ਅਤੇ ਮਲੋਟ ਸ਼ਹਿਰ ਵਿਚ ਅਕਾਲੀ ਵਰਕਰਾਂ ਵਿਚ ਭਾਰੀ ਉਤਸ਼ਾਹ ਅਤੇ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਪ੍ਰਬੰਧਕਾਂ ਵਲੋਂ ਕਰੀਬ 10 ਹਜ਼ਾਰ ਲੋਕਾਂ ਦੇ ਇਕੱਠ ਦਾ ਦਾਅਵਾ ਕੀਤਾ ਗਿਆ ਹੈ, ਜਦ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਦੇ ਉਤਸ਼ਾਹ ਨੂੰ ਦੇਖਦਿਆਂ ਇਹ ਗਿਣਤੀ ਹੋਰ ਵੀ ਵਧ ਸਕਦੀ ਹੈ। ਇਸ ਮੌਕੇ ਸੁਖਬੀਰ ਸਿੰਘ ਬਾਦਲ ਦੇ ਸਵਾਗਤ ਲਈ ਯੂਥ ਅਕਾਲੀ ਦਲ ਵਲੋਂ ਵਿਸ਼ੇਸ਼ ਰੋਡ ਸ਼ੋਅ ਵੀ ਕੱਢਿਆ ਜਾਵੇਗਾ, ਜੋ ਦਾਨੇਵਾਲਾ ਤੋਂ ਸ਼ੁਰੂ ਹੋ ਕੇ ਦਾਣਾ ਮੰਡੀ ਤੱਕ ਪਹੁੰਚੇਗਾ।
ਰੈਲੀ ਦੌਰਾਨ ਮਲੋਟ ਸ਼ਹਿਰ ਦੀ ਸੀਵਰੇਜ ਅਤੇ ਪਾਣੀ ਦੀ ਸਪਲਾਈ, ਨਸ਼ਿਆਂ, ਨਸ਼ਿਆਂ ਨਾਲ ਸੰਬੰਧਿਤ ਅਪਰਾਧ ਅਤੇ ਭ੍ਰਿਸ਼ਟਾਚਾਰ ਸਮੇਤ ਹੋਰ ਲੋਕ ਮੁੱਦੇ ਉਠਾਏ ਜਾਣਗੇ। ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਤੇ ਵੱਡੀ ਗਿਣਤੀ ਵਿਚ ਵਰਕਰਾਂ ਦੇ ਰੈਲੀ ਵਿਚ ਪਹੁੰਚਣ ਦੀ ਉਮੀਦ ਹੈ।