ਪਟਿਆਲਾ, 18 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਕਾਲਰ ਫੀਲਡਜ ਦੇ ਵਿਦਿਆਰਥੀਆਂ ਨੇ ਸਕੂਲ ਵਿੱਚ ਦੀਵਾਲੀ ਨਾਲ ਸੰਬੰਧਿਤ ਗਤੀਵਿਧੀਆਂ ਕੀਤੀਆਂ ਅਤੇ ਸਾਫ-ਸਫਾਈ ਕਰਕੇ ਸਾਰੇ ਵਾਤਾਵਰਨ ਨੂੰ ਪ੍ਰਦੂਸ਼ਣ ਰਹਿਤ ਬਣਾ ਕੇ ਸਾਫ਼-ਸੁਥਰੇ ਮਾਹੌਲ ਵਿੱਚ ਦੀਵਾਲੀ ਮਨਾਉਣ ਦਾ ਪ੍ਰਣ ਲਿਆ | ਇਸ ਦੇ ਚਲਦੇ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਮਿਲ ਕੇ ਦੀਵਾਲੀ ਅਤੇ ਪਟਾਕਿਆਂ ਸੰਬੰਧੀ ਸਕੂਲ ਦੇ ਹਰ ਕੋਨੇ 'ਤੇ ਰੰਗੋਲੀਆਂ ਬਣਾ ਕੇ ਪਟਾਕਿਆਂ ਨੂੰ ਨਾ ਚਲਾਉਣ ਦਾ ਸੁਨੇਹਾ ਦਿੱਤਾ | ਇਸ ਲੜੀ ਵਿੱਚ ਵੱਖ-ਵੱਖ ਜਮਾਤਾਂ ਵਿੱਚ ਬੋਰਡ ਦੀ ਸਜਾਵਟ ਦੇ ਮੁਕਾਬਲੇ ਵੀ ਕਰਵਾਏ ਗਏ | ਇਹੋ ਜਿਹੀਆਂ ਗਤੀਵਿਧੀਆਂ ਬੱਚਿਆਂ ਨੂੰ ਕਰਵਾਉਣ ਦਾ ਸਕੂਲ ਦਾ ਇੱਕ ਮਕਸਦ ਇਹ ਸੀ ਕਿ ਪਟਾਕੇ ਚਲਾ ਕੇ ਉਨ੍ਹਾਂ ਨੂੰ ਵੱਧ ਤੋਂ ਵੱਧ ਪੈਸਿਆਂ ਦੀ ਹੋਣ ਵਾਲੀ ਬਰਬਾਦੀ ਰੋਕਣ ਅਤੇ ਵਾਤਾਵਰਨ ਦੂਸ਼ਿਤ ਕਰਨ ਤੋਂ ਬਚਾਉਣ ਦਾ ਸੁਨੇਹਾ ਦਿੱਤਾ ਜਾਵੇਗਾ | ਇਸ ਮੌਕੇ ਵੱਖ-ਵੱਖ ਮੁਕਾਬਲਿਆਂ 'ਚ ਬੱਚਿਆਂ ਨੇ ਆਪਣੀ ਸਿਰਜਣਾਤਮਿਕਤਾ ਤੇ ਕਲਾ-ਪ੍ਰਤਿਭਾ ਦਾ ਸੁੰਦਰ ਪ੍ਰਦਰਸ਼ਨ ਕੀਤਾ | ਹਾਊਸ ਵਾਈਸ ਰੰਗੋਲੀ ਕੰਪੀਟੀਸ਼ਨ ਅਤੇ ਜਮਾਤ ਦੀ ਸਜਾਵਟ ਪ੍ਰਦਰਸ਼ਨੀ ਜਿਹੀਆਂ ਰੰਗ-ਬਰੰਗੀਆਂ ਗਤੀਵਿਧੀਆਂ ਕਰਵਾਈਆਂ ਗਈਆਂ | ਰੰਗੋਲੀ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਰੰਗ, ਫੁੱਲਾਂ ਅਤੇ ਦੀਵੇ ਵਰਤ ਕੇ ਸੁਹਣੀਆਂ ਰਚਨਾਵਾਂ ਤਿਆਰ ਕੀਤੀਆਂ | ਆਪਣੇ ਇਕ ਭਾਸਣ ਦੌਰਾਨ ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਚੰਦਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਪਟਾਕੇ ਨਾ ਚਲਾਉਣ ਅਤੇ ਆਸ-ਪਾਸ ਖ਼ੁਸ਼ਗਵਾਰ ਮਾਹੌਲ ਰੱਖ ਕੇ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ | ਅੰਤ ਵਿਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ |