ਸਮਾਣਾ, 2 ਨਵੰਬਰ (ਸਾਹਿਬ ਸਿੰਘ)-ਪਰਾਲੀ ਸਾੜਨ ਨੂੰ ਰੋਕਣ ਲਈ ਉਪਮੰਡਲ ਸਮਾਣਾ ਦੇ ਉਪ-ਮੰਡਲ ਅਫ਼ਸਰ ਰਿਚਾ ਗੋਇਲ ਨੇ ਇਲਾਕੇ ਦੇ ਵੱਖ-ਵੱਖ ਖੇਤਾਂ ਦਾ ਦੌਰਾ ਕੀਤਾ | ਉਨ੍ਹਾਂ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਖ਼ਤਰਨਾਕ ਨਤੀਜਿਆਂ ਬਾਰੇ ਜਾਗਰੂਕ ਕੀਤਾ ਅਤੇ ਬਦਲਵੇਂ ਤਰੀਕਿਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ | ਐੱਸ. ਡੀ. ਐੱਮ. ਨਾਲ ਕਲੱਸਟਰ ਅਫ਼ਸਰ ਗੁਰਭੇਜ ਸਿੰਘ, ਪੁਲਿਸ ਉਪ-ਕਪਤਾਨ ਸਮਾਣਾ ਫਤਿਹ ਸਿੰਘ ਬਰਾੜ, ਥਾਣਾ ਸ਼ਹਿਰੀ ਸਮਾਣਾ ਦੇ ਮੁਖੀ ਇੰਸਪੈਕਟਰ ਵਿਨਰਪ੍ਰੀਤ ਸਿੰਘ, ਪਟਵਾਰੀ ਸੁਖਵਿੰਦਰ ਸਿੰਘ ਅਤੇ ਨੋਡਲ ਅਫ਼ਸਰ ਵੀ ਮੌਜੂਦ ਸਨ | ਟੀਮ ਨੇ ਖੇਤਾਂ ਵਿਚ ਜਾ ਕੇ ਪਰਾਲੀ ਪ੍ਰਬੰਧਨ ਮਸ਼ੀਨਾਂ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ | ਰਿਚਾ ਗੋਇਲ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਵਾਤਾਵਰਨ ਵਿਚ ਪ੍ਰਦੂਸ਼ਣ ਵਧਦਾ ਹੈ, ਜਿਸ ਦੇ ਅਸੀਂ ਖ਼ੁਦ ਸ਼ਿਕਾਰ ਹੁੰਦੇ ਹਾਂ | ਕਿਸਾਨਾਂ ਨੂੰ ਸਬਸਿਡੀ ਵਾਲੀਆਂ ਮਸ਼ੀਨਾਂ ਅਤੇ ਬਾਇਓ-ਡੀਕੰਪੋਜਰ ਦੀ ਵਰਤੋਂ ਲਈ ਉਤਸ਼ਾਹਿਤ ਕਰ ਰਹੇ ਹਾਂ | ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਪਰਾਲੀ ਸਾੜਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ | ਇਸ ਮੌਕੇ ਕਿਸਾਨਾਂ ਨੇ ਸਹਿਯੋਗ ਦਾ ਭਰੋਸਾ ਦਿੱਤਾ | ਪ੍ਰਸ਼ਾਸਨ ਵਲੋਂ ਨਿਗਰਾਨੀ ਵਧਾਈ ਗਈ ਹੈ |