ਪਟਿਆਲਾ, 3 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਗੁਰਮਤਿ ਕਾਲਜ ਪਟਿਆਲਾ ਵਿਖੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ | ਇਸ ਭਾਸ਼ਣ ਦੇ ਵਕਤਾ ਡਾ. ਗੁਰਤੇਜ ਸਿੰਘ ਪਿ੍ੰਸੀਪਲ ਇੰਚਾਰਜ, ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਲੜਕੀਆਂ ਨਿੰਮ ਸਾਹਿਬ ਆਕੜ ਸਨ | ਇਸ ਮੌਕੇ ਪ੍ਰਤਾਪ ਸਿੰਘ ਡਾਇਰੈਕਟਰ ਗੁਰੂ ਨਾਨਕ ਫਾਊਾਡੇਸ਼ਨ ਵੀ ਹਾਜ਼ਰ ਸਨ | ਉਨ੍ਹਾਂ ਨੇ ਡਾ. ਗੁਰਤੇਜ ਸਿੰਘ ਨੂੰ ਜੀ ਆਇਆਂ ਕਹਿ ਕੇ ਭਾਸ਼ਣ ਦਾ ਆਗਾਜ਼ ਕੀਤਾ | ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਪੰਥ ਦਾ ਸਰਮਾਇਆ ਹਨ ਤੇ ਇਨ੍ਹਾਂ ਨੂੰ ਭਵਿੱਖ ਲਈ ਤਿਆਰ ਕਰਨਾ ਸਾਡਾ ਉਦੇਸ਼ ਹੈ, ਨਾਲ ਹੀ ਉਨ੍ਹਾਂ ਕਿਹਾ ਕਿ ਡਾ. ਗੁਰਤੇਜ ਸਿੰਘ ਗੁਰਮਤਿ ਕਾਲਜ ਦੇ ਹਿਤੈਸ਼ੀ ਹਨ ਤੇ ਸਮੇਂ-ਸਮੇਂ ਕਾਲਜ ਦੀ ਚੜ੍ਹਦੀ ਕਲਾ ਲਈ ਕਾਰਜਸ਼ੀਲ ਰਹੇ ਹਨ | ਡਾ. ਗੁਰਤੇਜ ਸਿੰਘ ਨੇ ਸਿੰਘ ਸਭਾ ਲਹਿਰ ਦੇ ਯੋਗਦਾਨ ਬਾਰੇ ਵਿਸਤਾਰ ਵਿਚ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਿੰਘ ਸਭਾ ਲਹਿਰ ਦਾ ਯੋਗਦਾਨ ਬਹੁਪੱਖੀ ਹੈ | ਸਿੰਘ ਸਭਾ ਦੀ ਸਭ ਤੋਂ ਵੱਡੀ ਦੇਣ ਖ਼ਾਲਸਾ ਕਾਲਜ ਸ੍ਰੀ ਅੰਮਿ੍ਤਸਰ ਹੈ, ਕਈ ਹੋਰ ਵਿੱਦਿਅਕ ਸੰਸਥਾਵਾਂ ਵੀ ਸਿੰਘ ਸਭਾ ਨੇ ਪੰਥ ਦੀ ਝੋਲੀ ਪਾਈਆਂ | ਸਿੰਘ ਸਭਾ ਦੇ ਯੋਗਦਾਨ ਨੂੰ ਕੇਵਲ ਵਿੱਦਿਅਕ ਸੰਸਥਾਵਾਂ ਤੇ ਧਾਰਮਿਕ-ਸਮਾਜਿਕ ਉਥਾਨ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ ਸਗੋਂ ਇਸ ਦਾ ਮਨੋਰਥ ਦੈਵੀ ਸੀ | ਵਿਆਖਿਆ ਦੇ ਖੇਤਰ ਵਿਚ ਸਿੰਘ ਸਭਾ ਦੇ ਯੋਗਦਾਨ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ | ਸਿੰਘ ਸਭਾ ਲਹਿਰ ਨੇ ਸਿੱਖੀ 'ਤੇ ਹੋ ਰਹੇ ਚੁਫੇਰੇ ਹਮਲਿਆਂ ਦਾ ਢੁਕਵਾਂ ਜਵਾਬ ਦਿੱਤਾ | ਡਾ. ਅਸ਼ਪ੍ਰੀਤ ਕੌਰ ਨੇ ਵਿਦਵਾਨ ਵਕਤਾ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਸਿੰਘ ਸਭਾ ਲਹਿਰ ਦੇ ਪੂਰਨਿਆਂ 'ਤੇ ਤੁਰਨ ਲਈ ਪ੍ਰੇਰਿਆ | ਇਸ ਮੌਕੇ ਡਾ. ਹਰਜੀਤ ਸਿੰਘ ਦੁਆਰਾ ਸਟੇਜ ਦਾ ਬਾਖ਼ੂਬੀ ਸੰਚਾਲਨ ਕੀਤਾ ਗਿਆ | ਕਾਲਜ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਇਸ ਵਿਸ਼ੇਸ਼ ਲੈਕਚਰ ਵਿਚ ਸ਼ਮੂਲੀਅਤ ਕੀਤੀ |