ਪਟਿਆਲਾ, 21 ਨਵੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਪਟਿਆਲਾ ਸ਼ਹਿਰ ਵਿਚ ਚੱਲ ਰਹੇ ਵੱਖ-ਵੱਖ ਸਿਵਲ ਅਤੇ ਵਿਕਾਸ ਕਾਰਜਾਂ ਦੀ ਗੁਣਵੱਤਾ ਨੂੰ ਹੋਰ ਪਾਰਦਰਸ਼ੀ ਅਤੇ ਭਰੋਸੇਯੋਗ ਬਣਾਉਣ ਲਈ ਨਗਰ ਨਿਗਮ ਪਟਿਆਲਾ ਵੱਡਾ ਕਦਮ ਚੁੱਕਣ ਜਾ ਰਿਹਾ ਹੈ | ਇਸ ਸੰਬੰਧੀ ਮੇਅਰ ਕੁੰਦਨ ਗੋਗੀਆ ਨੇ ਅੱਜ ਇੰਜੀਨੀਅਰਿੰਗ ਸ਼ਾਖਾ ਦੇ ਅਧਿਕਾਰੀਆਂ ਅਤੇ ਇਕ ਨਿੱਜੀ ਕੰਪਨੀ ਦੇ ਨੁਮਾਇੰਦਿਆਂ ਨਾਲ ਮਹੱਤਵਪੂਰਨ ਮੀਟਿੰਗ ਕੀਤੀ | ਮੀਟਿੰਗ ਦੌਰਾਨ ਸਪਸ਼ਟ ਕੀਤਾ ਕਿ ਨਗਰ ਨਿਗਮ ਵਲੋਂ ਸ਼ਹਿਰ ਵਿਚ ਹੋ ਰਹੇ ਸਾਰੇ ਸਿਵਲ ਕੰਮਾਂ ਦੀ ਥਰਡ ਪਾਰਟੀ ਆਡਿਟ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ, ਤਾਂ ਜੋ ਕੰਮ ਦੀ ਗੁਣਵੱਤਾ, ਟੈਕਨੀਕਲ ਮਿਆਰ ਅਤੇ ਸਰਕਾਰੀ ਖਰਚੇ ਦੀ ਸਹੀ ਵਰਤੋਂ ਦੀ ਪੁਸ਼ਟੀ ਹੋ ਸਕੇ | ਮੇਅਰ ਮੁਤਾਬਿਕ ਨਗਰ ਨਿਗਮ ਦਾ ਮੁਖ ਮਕਸਦ ਹੈ ਕਿ ਪਟਿਆਲਾ ਸ਼ਹਿਰ ਵਿਚ ਹੋ ਰਹੇ ਕੰਮ ਗੁਣਵੱਤਾ ਦੇ ਸਭ ਮਿਆਰਾਂ 'ਤੇ ਪੂਰੇ ਉੱਤਰਨ | ਕਈ ਥਾਵਾਂ ਤੋਂ ਲੋਕਾਂ ਵਲੋਂ ਸੜਕਾਂ, ਗਲੀਆਂ, ਨਿਕਾਸੀ ਪ੍ਰਣਾਲੀ ਅਤੇ ਹੋਰ ਸਿਵਲ ਕੰਮਾਂ ਬਾਰੇ ਗੁਣਵੱਤਾ ਸੰਬੰਧੀ ਸ਼ਿਕਾਇਤਾਂ ਵੀ ਆ ਰਹੀਆਂ ਸਨ, ਜਿਸ ਨੂੰ ਧਿਆਨ 'ਚ ਰੱਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ | ਆਮ ਜਨਤਾ ਆਪਣਾ ਕੀਮਤੀ ਟੈਕਸ ਅਦਾ ਕਰਦੀ ਹੈ, ਤਾਂ ਨਗਰ ਨਿਗਮ ਦੀ ਜ਼ਿੰਮੇਵਾਰੀ ਹੈ ਕਿ ਉਸ ਪੈਸੇ ਦੀ ਵਰਤੋਂ ਪੂਰੀ ਇਮਾਨਦਾਰੀ ਨਾਲ ਕੀਤੀ ਜਾਵੇ | ਇਹ ਆਡਿਟ ਸਿਰਫ ਕਾਗ਼ਜ਼ਾਂ ਤੱਕ ਸੀਮਤ ਨਹੀਂ ਰਹੇਗੀ, ਸਗੋਂ ਸਾਈਟ ਦੌਰਿਆਂ, ਮਟੀਰੀਅਲ ਚੈੱਕ, ਕੰਸਟ੍ਰਕਸ਼ਨ ਮਿਆਰ ਅਤੇ ਤਕਨੀਕੀ ਨਿਰਦੇਸ਼ਾਂ ਅਨੁਸਾਰ ਹੋਵੇਗਾ |