ਬਹਾਦਰਗੜ੍ਹ, 21 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)- 'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਲਵੰਡੀ ਸਾਬੋ ਤੋਂ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਆਰੰਭ ਹੋਏ ਨਗਰ ਕੀਰਤਨ ਦਾ ਬਹਾਦਰਗੜ੍ਹ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਹਲਕਾ ਸਨੌਰ ਵਲੋਂ ਪੀ.ਆਰ.ਟੀ.ਸੀ. ਚੇਅਰਮੈਨ ਤੇ ਹਲਕਾ ਇੰਚਾਰਜ ਸਨੌਰ ਰਣਜੋਧ ਸਿੰਘ ਹਡਾਣਾ ਤੇ ਇਲਾਕੇ ਦੀ ਸੰਗਤ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ | ਇਸ ਦੌਰਾਨ ਪੰਜਾਬੀ ਯੂਨੀਵਰਸਿਟੀ ਵਿਖੇ ਵੀ ਨਗਰ ਕੀਰਤਨ ਦਾ ਸਵਾਗਤ ਕੀਤਾ | ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਬੀਤੇ ਦਿਨ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਪਵਿੱਤਰ ਧਰਤੀ ਵਿਖੇ ਗੁਰਦੁਆਰਾ ਸ੍ਰੀ ਬੇਰ ਸਾਹਿਬ (ਦੇਗਸਰ) ਪਾਤਸ਼ਾਹੀ 10ਵੀਂ ਛਾਉਣੀ ਬੁੱਢਾ ਦਲ ਪੰਜਵਾਂ ਤਖਤ ਤੋਂ ਸ੍ਰੀ ਅਨੰਦਪੁਰ ਸਾਹਿਬ ਜਾਣ ਲਈ ਸਜਾਏ ਇਸ ਨਗਰ ਕੀਰਤਨ ਦੌਰਾਨ ਸ਼ਹਾਦਤ-ਏ-ਲੋਅ, ਧਾਰਮਿਕ ਕੀਰਤਨ, ਨਗਾਰਿਆਂ ਦੀ ਗੂੰਜ ਤੇ ਗੱਤਕੇ ਦੇ ਜੌਹਰ, ਇਤਿਹਾਸ ਦਰਸਾਉਂਦੀ ਐਲ.ਈ.ਡੀ. ਵੈਨ ਸੰਗਤ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਹੋਏ ਹਨ | ਵਾਹਨਾਂ ਦੇ ਵੱਡੇ ਕਾਫ਼ਲੇ 'ਚ ਸਵਾਰ ਸ਼ਰਧਾਲੂ ਨਗਰ ਕੀਰਤਨ 'ਚ ਸ਼ਰਧਾ ਭਾਵਨਾ ਨਾਲ ਹਿੱਸਾ ਲੈ ਰਹੇ ਹਨ ਤੇ ਸੰਗਤ ਦੀ ਸਹੂਲਤ ਲਈ ਕਾਫ਼ਲੇ ਵਿੱਚ ਐਂਬੂਲੈਂਸ, ਡਿਜੀਟਲ ਮਿਊਜ਼ੀਅਮ, ਲੰਗਰ ਦੀ ਵਿਵਸਥਾ ਤੇ ਹੋਰ ਲੋੜੀਂਦਾ ਸਾਜ਼ੋ-ਸਾਮਾਨ ਮੌਜੂਦ ਹੈ | ਇਹ ਨਗਰ ਕੀਰਤਨ ਰਾਜਪੁਰਾ-ਬਨੂੜ ਤੇ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਰਾਹੀਂ ਹੁੰਦਾ ਹੋਇਆ 22 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਪੂਰਨ ਹੋਵੇਗਾ | ਇਸ ਮੌਕੇ ਪ੍ਰਧਾਨ ਨਗਰ ਕੌਂਸਲ ਸਨੌਰ ਪ੍ਰਦੀਪ ਜੋਸ਼ਨ, ਬਲਾਕ ਪ੍ਰਧਾਨ ਸਨੌਰ ਹਰਪ੍ਰੀਤ ਸਿੰਘ ਘੁੰਮਣ, ਚੇਅਰਮੈਨ ਮਾਰਕੀਟ ਕਮੇਟੀ ਦੁਧਨ ਸਾਧਾਂ ਬਲਦੇਵ ਸਿੰਘ, ਹਰਪਿੰਦਰ ਸਿੰਘ ਚੀਮਾ, ਗੁਰਿੰਦਰ ਪਾਲ ਸਿੰਘ ਅਦਾਲਤੀ ਵਾਲਾ, ਰਾਜਾ ਧੰਜੂ ਸਰਪੰਚ, ਗੁਰਜੀਤ ਸਿੰਘ ਭੱਠਲ, ਭੁਪਿੰਦਰ ਸਿੰਘ, ਦਵਿੰਦਰ ਸਿੰਘ ਮਾੜੂ, ਗੁਰਪ੍ਰੀਤ ਸਿੰਘ, ਰਮਿੰਦਰ ਸਿੰਘ ਜਮਨਾ, ਬਲਿਹਾਰ ਸਿੰਘ ਚੀਮਾ ਤੇ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਮੌਜੂਦ ਸਨ |