ਸਮਾਣਾ, 18 ਦਸੰਬਰ (ਹਰਵਿੰਦਰ ਸਿੰਘ ਟੋਨੀ, ਸਾਹਿਬ ਸਿੰਘ)-ਪੰਜਾਬ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ | ਪਟਿਆਲਾ ਜ਼ਿਲ੍ਹੇ ਵਿਚ ਬਲਾਕ ਸੰਮਤੀ ਸਮਾਣਾ ਤੇ ਜ਼ਿਲ੍ਹਾ ਪ੍ਰੀਸ਼ਦ ਵਿਚ 'ਆਪ' ਦੀ ਵੱਡੀ ਜਿੱਤ ਨੂੰ ਲੈ ਕੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਖ਼ੁਸ਼ੀ ਜ਼ਾਹਿਰ ਕੀਤੀ ਹੈ | ਜ਼ਿਕਰਯੋਗ ਹੈ ਕਿ ਸ਼ਾਂਤਮਈ ਤੇ ਪਾਰਦਰਸ਼ਤਾ ਨਾਲ ਹੋਈਆਂ ਇਨ੍ਹਾਂ ਚੋਣਾਂ ਵਿਚ ਸ. ਜੌੜਾਮਾਜਰਾ ਦੀ ਅਗਵਾਈ ਵਿਚ 10 ਬਲਾਕ ਸੰਮਤੀ ਤੇ 4 ਜ਼ਿਲ੍ਹਾ ਪ੍ਰੀਸ਼ਦ ਦੀਆਂ ਸੀਟਾਂ ਜਿੱਤੀਆਂ ਹਨ | ਜਿੱਤ ਤੋਂ ਬਾਅਦ ਪਾਰਟੀ ਵਰਕਰਾਂ ਵਲੋਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਦਾ ਪਾਰਟੀ ਦਫ਼ਤਰ ਵਿਚ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਗਈਆਂ | ਉਨ੍ਹਾਂ ਨਾਲ ਉਨ੍ਹਾਂ ਦੇ ਭਰਾ ਤੇ 'ਆਪ' ਦੇ ਸੀਨੀਅਰ ਆਗੂ ਹਰਜਿੰਦਰ ਸਿੰਘ ਮਿੰਟੂ, ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ, ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਦੇਵ ਸਿੰਘ ਟਿਵਾਣਾ ਅਤੇ ਹੋਰ 'ਆਪ' ਆਗੂ ਮੌਜੂਦ ਸਨ | ਵਿਧਾਇਕ ਸ. ਜੌੜਾਮਾਜਰਾ ਨੇ ਇਸ ਜਿੱਤ ਨੂੰ ਲੋਕਾਂ ਦੇ ਭਰੋਸੇ ਦੀ ਜਿੱਤ ਕਰਾਰ ਦਿੰਦਿਆਂ ਕਿਹਾ ਕਿ ਇਹ ਇਮਾਨਦਾਰ ਰਾਜਨੀਤੀ ਤੇ ਆਮ ਆਦਮੀ ਦੀ ਆਵਾਜ਼ ਦੀ ਜਿੱਤ ਹੈ | ਉਨ੍ਹਾਂ ਆਖਿਆ ਕਿ ਪੰਜਾਬ ਭਰ ਵਿਚ 'ਆਪ' ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ 250 ਤੋਂ ਵੱਧ ਜ਼ੋਨਾਂ 'ਤੇ ਕਬਜ਼ਾ ਕੀਤਾ ਹੈ | ਜਦਕਿ ਪਟਿਆਲਾ ਵਿਚ ਵੀ ਪਾਰਟੀ ਨੇ 19 ਜ਼ੋਨਾਂ 'ਤੇ ਜਿੱਤ ਦਰਜ ਕੀਤੀ | ਬਲਾਕ ਸੰਮਤੀਆਂ ਵਿਚ ਵੀ 'ਆਪ' ਨੇ ਬਹੁਤੀਆਂ ਸੀਟਾਂ ਹਾਸਲ ਕਰਕੇ ਵਿਰੋਧੀਆਂ ਨੂੰ ਪਛਾੜ ਦਿੱਤਾ ਹੈ | ਇਹ ਜਿੱਤ ਭਗਵੰਤ ਸਿੰਘ ਮਾਨ ਸਰਕਾਰ ਦੀਆਂ ਨੀਤੀਆਂ ਅਤੇ ਲੋਕ-ਭਲਾਈ ਸਕੀਮਾਂ ਦਾ ਨਤੀਜਾ ਹੈ | ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਹੈ ਤੇ ਇਹ ਜਿੱਤ ਉਨ੍ਹਾਂ ਦੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰੇਗੀ |