ਪਟਿਆਲਾ, 25 ਦਸੰਬਰ (ਮਨਦੀਪ ਸਿੰਘ ਖਰੌੜ)-ਯੂ. ਐੱਸ. ਸਮੇਤ ਹੋਰ ਦੇਸ਼ਾਂ 'ਚ ਰਹਿੰਦੇ ਗੈਂਗਸਟਰਾਂ ਦੇ ਇਸ਼ਾਰੇ 'ਤੇ ਨਵਾਂਸ਼ਹਿਰ ਤੇ ਪਟਿਆਲਾ ਜ਼ਿਲ੍ਹੇ 'ਚ ਕਾਰੋਬਾਰੀਆਂ ਦੇ ਘਰਾਂ 'ਤੇ ਗੋਲੀਆਂ ਚਲਾ ਕੇ ਫਿਰੌਤੀ ਮੰਗਣ ਵਾਲੇ ਸ਼ੂਟਰ ਨੂੰ ਸੀ. ਆਈ. ਏ. ਪਟਿਆਲਾ ਦੇ ਮੁਖੀ ਪ੍ਰਦੀਪ ਸਿੰਘ ਬਾਜਵਾ ਅਤੇ ਸੀ.ਆਈ.ਏ. ਸਮਾਣਾ ਦੇ ਮੁਖੀ ਅੰਕੁਰਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਡਕਾਲਾ ਨੇੜੇ ਹੋਏ ਪੁਲਿਸ ਮੁਕਾਬਲੇ ਦੌਰਾਨ ਸ਼ੂਟਰ ਮਨਪ੍ਰੀਤ ਸਿੰਘ ਮੰਨਾ ਵਾਸੀ ਜ਼ਿਲ੍ਹਾ ਮੋਗਾ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਸ ਸੰਬੰਧੀ ਅੱੈਸ.ਐੱਸ.ਪੀ. ਵਰੁਣ ਸ਼ਰਮਾ ਨੇ ਮੁਕਾਬਲੇ ਵਾਲੇ ਸਥਾਨ 'ਤੇ ਪਹੁੰਚ ਕੇ ਪੱਤਰਕਾਰਾਂ ਨੂੰ ਦੱਸਿਆ ਕਿ ਉਕਤ ਸੀ.ਆਈ.ਏ. ਦੀਆਂ ਟੀਮਾਂ ਅਤੇ ਸਪੈਸ਼ਲ ਸੈੱਲ ਰਾਜਪੁਰਾ ਦੇ ਮੁਖੀ ਮਨਪ੍ਰੀਤ ਸਿੰਘ, ਥਾਣਾ ਸ਼ੁਤਰਾਣਾ ਦੇ ਮੁਖੀ ਜਸਪਾਲ ਸਿੰਘ ਦੀਆਂ ਟੀਮਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ੂਟਰ ਮੰਨਾ ਰਾਮਗੜ੍ਹ (ਡਕਾਲਾ ਰੋਡ) ਲਾਗੇ ਆ ਰਿਹਾ ਹੈ ਜਿਸ ਤਹਿਤ ਟੀਮਾਂ ਨੇ ਉੱਥੇ ਨਾਕਾਬੰਦੀ ਕੀਤੀ ਪਰ ਸ਼ੂਟਰ ਮੰਨਾ ਨੇ ਪੁਲਿਸ 'ਤੇ ਗੋਲੀ ਚਲਾ ਕੇ ਉੱਥੋਂ ਭੱਜਣ ਲੱਗਾ, ਪੁਲਿਸ ਵਲੋਂ ਵੀ ਜਵਾਬੀ ਕਾਰਵਾਈ ਦੌਰਾਨ ਮੰਨਾ ਦੀ ਲੱਤ 'ਚ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ | ਇਸ ਦੌਰਾਨ ਪੁਲਿਸ ਨੂੰ ਮੁਲਜ਼ਮ ਤੋਂ ਨਾਜਾਇਜ਼ ਪਿਸਟਲ, ਕਾਰਤੂਸ ਅਤੇ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ | ਐੱਸ.ਐੱਸ.ਪੀ. ਸ਼ਰਮਾ ਨੇ ਦਸਿਆ ਕਿ ਉਕਤ ਮੁਲਜ਼ਮ ਯੂ.ਐੱਸ. 'ਚ ਬੈਠੇ ਗੈਂਗਸਟਰ ਲੱਕੀ ਪਟਿਆਲ ਅਤੇ ਇਕ ਹੋਰ ਦੇਸ਼ 'ਚ ਰਹਿੰਦੇ ਗੈਂਗਸਟਰ ਦੇ ਇਸ਼ਾਰੇ 'ਤੇ ਸ਼ੂਟਰ ਮੰਨਾ ਨੇ ਆਪਣੇ ਸਾਥੀ ਸਮੇਤ ਰਾਜਪੁਰਾ ਦੇ ਭਰਾਵਾਂ ਦੇ ਢਾਬੇ ਦੇ ਮਾਲਕ ਦੇ ਘਰ ਅਤੇ ਪਾਤੜਾਂ ਦੇ ਇਕ ਕਾਰੋਬਾਰੀ ਦੇ ਘਰ ਫਿਰੌਤੀ ਲੈਣ ਲਈ ਗੋਲੀਆਂ ਚਲਾਈਆਂ ਸੀ | ਇਸ ਤੋਂ ਬਾਅਦ ਗੈਂਗਸਟਰਾਂ ਨੇ ਉਨ੍ਹਾਂ ਤੋਂ 4 ਕਰੋੜ ਰੁਪਏ ਮੰਗੇ ਸੀ | ਇਸ ਤੋਂ ਪਹਿਲਾਂ ਇਨ੍ਹਾਂ ਮੁਲਜ਼ਮਾਂ ਨੇ ਨਵਾਂ ਸ਼ਹਿਰ ਦੇ ਬੰਗਾ ਇਲਾਕੇ 'ਚ ਕਿਸੇ ਕਾਰੋਬਾਰੀ ਤੋਂ ਫਿਰੌਤੀ ਲੈਣ ਦੇ ਚੱਕਰ 'ਚ ਗੋਲੀਆਂ ਚਲਾਈਆਂ ਸੀ | ਇਸ ਮੁਲਜ਼ਮ ਦੀ ਗਿ੍ਫ਼ਤਾਰੀ ਨਾਲ ਉਕਤ ਤਿੰਨੋਂ ਕੇਸ ਹੱਲ ਹੋ ਗਏ ਹਨ ਤੇ ਫਿਲਹਾਲ ਪਟਿਆਲਾ ਪੁਲਿਸ ਦੀਆਂ ਟੀਮਾਂ ਸ਼ੂਟਰ ਮੰਨਾ ਦੇ ਸਾਥੀਆਂ ਨੂੰ ਗਿ੍ਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀਆਂ ਹਨ | ਐੱਸ.ਐੱਸ.ਪੀ. ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਮੰਨਾ ਖ਼ਿਲਾਫ਼ ਪਹਿਲਾਂ ਰਾਜਪੁਰਾ, ਪਾਤੜਾਂ ਅਤੇ ਬੰਗਾ ਦੇ ਥਾਣੇ 'ਚ ਤਿੰਨ ਪਰਚੇ ਦਰਜ ਹਨ ਤੇ ਹੁਣ ਚੌਥਾ ਪਰਚਾ ਪਟਿਆਲਾ ਪੁਲਿਸ ਵਲੋਂ ਇਸ ਖ਼ਿਲਾਫ਼ ਦਰਜ ਕੀਤਾ ਗਿਆ ਹੈ |