ਸਮਾਣਾ, 25 ਦਸੰਬਰ (ਸਾਹਿਬ ਸਿੰਘ)-ਸਰਾਂਪੱਤੀ ਚੌਂਕ ਨੇੜੇ ਰਾਤ ਨੂੰ ਹਥਿਆਰਾਂ ਨਾਲ ਲੈਸ ਅਣਪਛਾਤੇ ਚੋਰਾਂ ਦੇ ਇਕ ਗਿਰੋਹ ਵਲੋਂ ਘਰ ਦੇ ਜਿੰਦਰੇ ਤੋੜ ਕੇ 5 ਤੋਲੇ ਸੋਨੇ ਦੇ ਗਹਿਣੇ ਅਤੇ 7.50 ਲੱਖ ਰੁਪਏ ਦੀ ਨਕਦੀ ਚੋਰੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ | ਸੂਚਨਾ ਮਿਲਣ 'ਤੇ ਥਾਣਾ ਸ਼ਹਿਰੀ ਸਮਾਣਾ ਦੇ ਅਧਿਕਾਰੀਆਂ ਨੇ ਘਟਨਾ ਵਾਲੇ ਸਥਾਨ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ | ਮਾਮਲੇ ਦੇ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਪੂਰਨ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ ਪੁੱਤਰ ਭਾਗ ਸਿੰਘ ਨਿਵਾਸੀ ਗਹਿਲ ਕਾਲੋਨੀ ਨੇੜੇ ਸਰਾਂਪੱਤੀ ਚੌਕ ਵਲੋਂ ਦਿੱਤੀ ਸ਼ਿਕਾਇਤ ਅਨੁਸਾਰ ਉਹ ਆਪਣੇ ਘਰ ਨੂੰ ਜਿੰਦਰਾ ਲਗਾ ਕੇ ਗੁਮਥਲਾ (ਪਿਹੋਵਾ) ਵਿਖੇ ਆਪਣੀ ਬੇਟੀ ਨੂੰ ਮਿਲਣ ਗਏ ਸਨ | ਅਗਲੇ ਦਿਨ ਵੀਰਵਾਰ ਸਵੇਰੇ 6 ਵਜੇ ਗੁਆਂਢੀਆਂ ਨੇ ਫ਼ੋਨ 'ਤੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਘਰ ਦਾ ਤਾਲਾ ਟੁੱਟਿਆ ਹੋਇਆ ਹੈ | ਜਦੋਂ ਉਨ੍ਹਾਂ ਨੇ ਵਾਪਸ ਆ ਕੇ ਵੇਖਿਆ ਤਾਂ ਕਮਰਿਆਂ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ | ਨਵਾਂ ਘਰ ਖ਼ਰੀਦ ਕਰਨ ਲਈ ਟਰੰਕ 'ਚ ਰੱਖੀ 7.5 ਲੱਖ ਰੁਪਏ ਦੀ ਨਕਦੀ ਅਤੇ 5 ਤੋਲੇ ਸੋਨੇ ਦੇ ਗਹਿਣੇ ਗ਼ਾਇਬ ਸਨ | ਬਜ਼ੁਰਗ ਜੋੜੇ ਦੇ ਵਿਦੇਸ਼ 'ਚ ਰਹਿੰਦੇ ਉਨ੍ਹਾਂ ਦੇ ਦੋਵੇਂ ਪੁੱਤਰਾਂ ਵਲੋਂ ਨਵਾਂ ਘਰ ਖ਼ਰੀਦ ਕਰਨ ਲਈ ਪੈਸੇ ਭੇਜੇ ਸਨ | ਪੁਲਿਸ ਅਧਿਕਾਰੀ ਅਨੁਸਾਰ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਮੂੰਹ ਢੱਕੇ ਹੋਏ ਚਾਰ ਨੌਜਵਾਨ ਦਿਖਾਈ ਦੇ ਰਹੇ ਹਨ | ਨੇੜਲੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਦਾ ਸੁਰਾਗ ਲਗਾਇਆ ਜਾ ਸਕੇ |