ਘਨੌਰ, 25 ਦਸੰਬਰ (ਸਰਦਾਰਾ ਸਿੰਘ ਲਾਛੜੂ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਤੇ ਹਲਕਾ ਘਨੌਰ ਦੇ ਹਰਜਿੰਦਰ ਸਿੰਘ ਸਰਵਾਰਾ ਨੇ ਇਕ ਅਹਿਮ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਚੋਣਾਂ ਤੋਂ ਪਰੇ ਹਟ ਕੇ ਆਮ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਅਤੇ ਇਨਸਾਫ਼ ਲਈ ਕੰਮ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਨਿਰਪੱਖਤਾ ਦੇ ਨਾਲ ਲੋਕਾਂ ਦੀ ਆਵਾਜ਼ ਬਣ ਕੇ ਖੜ੍ਹੇ ਹਨ | ਹਰਜਿੰਦਰ ਸਿੰਘ ਸਰਵਾਰਾ ਨੇ ਕਿਹਾ ਕਿ ਪੰਜਾਬ ਖ਼ਾਸ ਕਰਕੇ ਘਨੌਰ ਹਲਕਾ ਖੇਤੀਬਾੜੀ 'ਤੇ ਨਿਰਭਰ ਹੈ | ਕਿਸਾਨਾਂ ਨੂੰ ਸਮੇਂ ਸਿਰ ਖਾਦਾਂ ਦੀ ਸਪਲਾਈ, ਫ਼ਸਲਾਂ ਦਾ ਸਹੀ ਮੁੱਲ ਤੇ ਮੰਡੀਆਂ 'ਚ ਕਿਸੇ ਵੀ ਤਰ੍ਹਾਂ ਦੀ ਖੱਜਲ-ਖੁਆਰੀ ਤੋਂ ਬਚਾਉਣਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ | ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਵਿਕਾਸ ਕਾਰਜਾਂ 'ਚ ਕਿਸੇ ਵੀ ਤਰ੍ਹਾਂ ਦਾ ਪੱਖਪਾਤ ਨਹੀਂ ਹੋਣਾ ਚਾਹੀਦਾ ਅਤੇ ਹਰ ਵਰਗ ਨੂੰ ਬਣਦਾ ਹੱਕ ਮਿਲਣਾ ਚਾਹੀਦਾ ਹੈ | ਨੌਜਵਾਨਾਂ ਦੇ ਮੁੱਦਿਆਂ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦਾ ਸਰਮਾਇਆ ਬਾਹਰ ਜਾ ਰਿਹਾ ਹੈ | ਸਾਨੂੰ ਸੂਬੇ 'ਚ ਹੀ ਅਜਿਹਾ ਮਾਹੌਲ ਸਿਰਜਣਾ ਪਵੇਗਾ ਜਿੱਥੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣ | ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਵਰਗੀਆਂ ਅਲਾਮਤਾਂ ਨੂੰ ਤਿਆਗ ਕੇ ਸਮਾਜ ਸੇਵਾ ਅਤੇ ਸੂਬੇ ਦੀ ਤਰੱਕੀ 'ਚ ਯੋਗਦਾਨ ਪਾਉਣ | ਸਰਵਾਰਾ ਨੇ ਸਪਸ਼ਟ ਕੀਤਾ ਕਿ, ਮੈਂ ਹਮੇਸ਼ਾ ਸੱਚ ਅਤੇ ਇਨਸਾਫ਼ ਦਾ ਪਹਿਰਾ ਦਿੱਤਾ ਹੈ | ਚਾਹੇ ਕੋਈ ਵੀ ਮੁੱਦਾ ਹੋਵੇ, ਮੇਰੀ ਤਰਜੀਹ ਹਮੇਸ਼ਾ ਮੇਰੇ ਹਲਕੇ ਦੇ ਲੋਕ ਰਹੇ ਹਨ | ਜਿੱਥੇ ਵੀ ਜਨਤਾ ਦੇ ਹਿਤਾਂ ਦੀ ਅਣਦੇਖੀ ਹੋਵੇਗੀ, ਮੈਂ ਉੱਥੇ ਨਿਰਪੱਖਤਾ ਨਾਲ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾਂਗਾ |