ਪਟਿਆਲਾ, 25 ਦਸੰਬਰ (ਗੁਰਵਿੰਦਰ ਸਿੰਘ ਔਲਖ)-ਪੰਜਾਬ ਦੀ ਰਿਆਸਤੀ ਸ਼ਾਨ ਦਾ ਕੇਂਦਰ ਰਹਿਆ ਸ਼ਾਹੀ ਸ਼ਹਿਰ ਪਟਿਆਲਾ ਸੈਰ-ਸਪਾਟੇ ਦੀ ਸੰਭਾਵਨਾ ਦੇ ਮਾਮਲੇ 'ਚ ਦਿਨੋਂ-ਦਿਨ ਪਛੜਦਾ ਨਜ਼ਰ ਆ ਰਿਹਾ ਹੈ | ਕਿਲ੍ਹੇ, ਮਹਿਲ, ਬਾਗ਼ ਤੇ ਇਤਿਹਾਸਕ ਥਾਵਾਂ ਦੀ ਕੋਈ ਘਾਟ ਨਹੀਂ, ਪਰ ਸੰਭਾਲ, ਯੋਜਨਾ ਤੇ ਪ੍ਰਚਾਰ ਦੀ ਕਮੀ ਕਾਰਨ ਸੈਲਾਨੀ ਇੱਥੇ ਆ ਕੇ ਵੀ ਟਿਕਣ ਨੂੰ ਤਿਆਰ ਨਹੀਂ | ਵਿਰਾਸਤੀ ਪਹਿਚਾਣ ਹੋਣ ਦੇ ਬਾਵਜੂਦ ਸ਼ਹਿਰ ਨੂੰ ਯੋਜਿਤ ਢੰਗ ਨਾਲ ਵਿਕਸਤ ਨਾ ਹੋਣ ਕਾਰਨ ਸੈਰ-ਸਪਾਟੇ ਨਾਲ ਜੁੜਿਆ ਹੋਟਲ ਕਾਰੋਬਾਰ ਅਤੇ ਸਥਾਨਕ ਅਰਥ ਵਿਵਸਥਾ ਨੂੰ ਹੁਣ ਤੱਕ ਉਹ ਹੁਲਾਰਾ ਨਹੀਂ ਮਿਲਿਆ, ਜੋ ਇਕ ਵਿਰਾਸਤੀ ਸ਼ਹਿਰ ਹੋਣ ਦੇ ਨਾਤੇ ਮਿਲਣਾ ਚਾਹੀਦਾ ਸੀ | ਬਾਹਰਲੇ ਸੈਲਾਨੀ ਜ਼ਿਆਦਾਤਰ ਇਕ ਦਿਨ 'ਚ ਹੀ ਸ਼ਹਿਰ ਦਾ ਦੌਰਾ ਕਰਕੇ ਵਾਪਸ ਮੁੜ ਜਾਂਦੇ ਹਨ, ਜਿਸ ਨਾਲ ਹੋਟਲਾਂ, ਰੈਸਟੋਰੈਂਟਾਂ, ਟੈਕਸੀ ਸੇਵਾਵਾਂ ਤੇ ਹੋਰ ਸਹਾਇਕ ਵਪਾਰ ਉਮੀਦ ਮੁਤਾਬਿਕ ਵਧ-ਫੁੱਲ ਨਹੀਂ ਸਕੇ | ਨਤੀਜੇ ਵਜੋਂ ਸੈਰ-ਸਪਾਟਾ ਆਧਾਰਿਤ ਰੋਜ਼ਗਾਰ ਦੇ ਮੌਕੇ ਵੀ ਸੀਮਤ ਰਹਿ ਗਏ ਹਨ | ਸੈਰ-ਸਪਾਟਾ ਖੇਤਰ ਨਾਲ ਜੁੜੇ ਜਾਣਕਾਰਾਂ ਦਾ ਮੰਨਣਾ ਹੈ ਕਿ ਜੇਕਰ ਸ਼ਹਿਰ ਦੀ ਵਿਰਾਸਤ ਨੂੰ ਸਹੀ ਢੰਗ ਨਾਲ ਵਿਕਸਤ ਕੀਤਾ ਜਾਵੇ ਤੇ ਢੁਕਵੇਂ ਪ੍ਰਚਾਰ ਨਾਲ ਜੋੜਿਆ ਜਾਵੇ, ਤਾਂ ਇਹ ਸ਼ਹਿਰ ਅੰਮਿ੍ਤਸਰ ਅਤੇ ਚੰਡੀਗੜ੍ਹ ਦੇ ਵਿਚਕਾਰ ਸੈਲਾਨੀਆਂ ਲਈ ਇੱਕ ਅਹਿਮ ਖਿੱਚ ਦਾ ਕੇਂਦਰ ਬਣ ਸਕਦਾ ਹੈ | ਪਰ ਮੌਜੂਦਾ ਹਾਲਾਤਾਂ 'ਚ ਯੋਜਨਾ ਦੀ ਕਮੀ ਅਤੇ ਅਣਦੇਖੀ ਨੇ ਇਸ ਸੰਭਾਵਨਾ ਨੂੰ ਅਜੇ ਤੱਕ ਅਮਲੀ ਰੂਪ ਨਹੀਂ ਲੈਣ ਦਿੱਤਾ | ਸ਼ਹਿਰ ਦੀ ਪਹਿਚਾਣ ਬਣੇ ਕਿਲ੍ਹਾ ਮੁਬਾਰਕ, ਸ਼ੀਸ਼ ਮਹਿਲ, ਬਰਾਦਰੀ ਗਾਰਡਨ ਅਤੇ ਰਾਜਿੰਦਰਾ ਲੇਕ ਸੈਰ-ਸਪਾਟੇ ਦੀ ਦਿ੍ਸ਼ਟੀ ਤੋਂ ਅਹਿਮ ਥਾਵਾਂ ਮੰਨੀਆਂ ਜਾਂਦੀਆਂ ਹਨ | ਪਰ ਮੈਦਾਨੀ ਹਕੀਕਤ ਇਹ ਹੈ ਕਿ ਇਨ੍ਹਾਂ ਥਾਵਾਂ 'ਤੇ ਨਾ ਤਾਂ ਢੁਕਵੀਂ ਸਫ਼ਾਈ ਹੈ ਤੇ ਨਾ ਹੀ ਸੈਲਾਨੀਆਂ ਲਈ ਬੁਨਿਆਦੀ ਸਹੂਲਤਾਂ ਉਪਲਬਧ ਹਨ | ਕਈ ਥਾਵਾਂ 'ਤੇ ਅਣਦੇਖੀ ਅਤੇ ਗੰਦਗੀ ਨੇ ਵਿਰਾਸਤ ਦੀ ਛਵੀ ਨੂੰ ਢਹਿ ਲਗਾਈ ਹੈ | ਸਥਾਨਕ ਵਪਾਰੀਆਂ ਦਾ ਕਹਿਣਾ ਹੈ ਕਿ ਨਾਂ ਕੋਈ ਯੋਜਿਤ ਟੂਰ ਸਰਕਟ ਹੈ ਅਤੇ ਨਾ ਹੀ ਵਿਰਾਸਤੀ ਥਾਵਾਂ ਨੂੰ ਆਪਸ 'ਚ ਜੋੜਨ ਵਾਲੀ ਸਪਸ਼ਟ ਯੋਜਨਾ | ਇਸ ਕਾਰਨ ਸੈਲਾਨੀ ਸ਼ਹਿਰ 'ਚ ਰਾਤ ਬਿਤਾਉਣ ਤੋਂ ਕਤਰਾਉਂਦੇ ਹਨ | ਇਤਿਹਾਸਕ ਥਾਵਾਂ ਦੇ ਆਲੇ-ਦੁਆਲੇ ਕਈ ਥਾਵਾਂ 'ਤੇ ਕਬਜ਼ਿਆਂ ਦੀ ਸਥਿਤੀ ਵੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ | ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਸੈਰ-ਸਪਾਟੇ ਨੂੰ ਲੈ ਕੇ ਗੰਭੀਰਤਾ ਨਾਲ ਕਦਮ ਚੁੱਕੇ ਜਾਣ, ਤਾਂ ਜੋ ਪਟਿਆਲਾ ਦੀ ਵਿਰਾਸਤ ਨੂੰ ਸੰਭਾਲ ਕੇ ਸੈਰ-ਸਪਾਟੇ ਦੀ ਮਰਦੀ ਸੰਭਾਵਨਾ ਨੂੰ ਮੁੜ ਜਗਾਇਆ ਜਾ ਸਕੇ ਅਤੇ ਸ਼ਹਿਰ ਦੀ ਅਰਥਵਿਵਸਥਾ ਨੂੰ ਨਵਾਂ ਹੁਲਾਰਾ ਮਿਲੇ |