ਦੇਵੀਗੜ੍ਹ, 25 ਦਸੰਬਰ (ਰਾਜਿੰਦਰ ਸਿੰਘ ਮੌਜੀ)-ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ੍ਹ ਵਿਖੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਕ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਮਾਨਮੱਤੇ ਇਤਿਹਾਸ ਅਤੇ ਸਿੱਖ ਵਿਰਸੇ ਨਾਲ ਜੋੜਨਾ ਸੀ |ਸਮਾਗਮ ਦੀ ਸ਼ੁਰੂਆਤ ਬਹੁਤ ਹੀ ਅਧਿਆਤਮਕ ਮਾਹੌਲ ਵਿਚ ਹੋਈ | ਸਕੂਲ ਦੇ ਵਿਦਿਆਰਥੀਆਂ ਨੇ ਬੜੀ ਹੀ ਸ਼ਰਧਾ ਅਤੇ ਭਾਵਨਾ ਨਾਲ ਗੁਰਬਾਣੀ ਕੀਰਤਨ ਕੀਤਾ | ਬੱਚਿਆਂ ਦੀਆਂ ਰਸਭਿੰਨੀਆਂ ਆਵਾਜ਼ਾਂ ਨੇ ਸਮੁੱਚੇ ਵਾਤਾਵਰਣ ਨੂੰ ਵੈਰਾਗਮਈ ਬਣਾ ਦਿੱਤਾ | ਇਸ ਮੌਕੇ ਵਿਦਿਆਰਥੀਆਂ ਵਲੋਂ ਸਾਹਿਬਜ਼ਾਦਿਆਂ ਦੀ ਕੁਰਬਾਨੀ 'ਤੇ ਆਧਾਰਿਤ ਧਾਰਮਿਕ ਗੀਤ ਅਤੇ ਕਵਿਤਾਵਾਂ ਵੀ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਰਾਹੀਂ ਉਨ੍ਹਾਂ ਨੇ ਸਰਹਿੰਦ ਦੀਆਂ ਨੀਹਾਂ ਦੇ ਦਰਦਨਾਕ ਅਤੇ ਬਹਾਦਰੀ ਭਰੇ ਇਤਿਹਾਸ ਨੂੰ ਬਿਆਨ ਕੀਤਾ | ਇਸ ਮੌਕੇ ਸਕੂਲ ਦੇ ਨਿਰਦੇਸ਼ਕ ਭੁਪਿੰਦਰ ਸਿੰਘ, ਪ੍ਰਧਾਨ ਰਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕਿਵੇਂ ਛੋਟੇ ਸਾਹਿਬਜ਼ਾਦਿਆਂ ਨੇ ਨਿੱਕੀਆਂ ਜਿੰਦਾਂ ਹੋਣ ਦੇ ਬਾਵਜੂਦ ਵੀ ਈਨ ਨਹੀਂ ਮੰਨੀ ਤੇ ਧਰਮ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ | ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਵਿਚ ਵਿਲੱਖਣ ਹੈ | ਪਿ੍ੰਸੀਪਲ ਮਮਤਾ ਮੱਕੜ ਤੇ ਅਕਾਦਮਿਕ ਡਾਇਰੈਕਟਰ ਤੇਜਿੰਦਰ ਕੌਰ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਸਾਹਿਬਜ਼ਾਦਿਆਂ ਦੇ ਜੀਵਨ ਤੋਂ ਦਿ੍ੜਤਾ ਅਤੇ ਸਬਰ ਦੀ ਸਿੱਖਿਆ ਲੈਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਬੱਚਿਆਂ ਵਿੱਚ ਨੈਤਿਕ ਕਦਰਾਂ-ਕੀਮਤਾਂ ਪੈਦਾ ਕਰਨ ਲਈ ਬਹੁਤ ਜ਼ਰੂਰੀ ਹਨ | ਇਸ ਮੌਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਤੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਿਆ |