ਪਟਿਆਲਾ, 27 ਦਸੰਬਰ (ਧਰਮਿੰਦਰ ਸਿੰਘ ਸਿੱਧੂ)-ਪਾਵਰ ਸੈਕਟਰ ਜੁਆਇੰਟ ਐਕਸ਼ਨ ਕਮੇਟੀ ਆਫ਼ ਇੰਪਲਾਈਜ਼, ਇੰਜੀਨੀਅਰਜ਼ ਤੇ ਪੈਨਸ਼ਨਰਜ਼ ਵਲੋ ਪਟਿਆਲਾ ਵਿਖੇ ਹੰਗਾਮੀ ਮੀਟਿੰਗ ਕੀਤੀ ਗਈ, ਜਿਸ ਵਿਚ ਬੀਤੇ ਦਿਨੀ ਪਾਵਰਕਾਮ ਮੈਨੇਜ਼ਮੈਟ ਵਲੋਂ ਜੁਆਇੰਟ ਐਕਸ਼ਨ ਕਮੇਟੀ ਦੀ ਮੁੱਖ ਧਿਰ ਇੰਜੀਨੀਅਰ ਐਸ਼ੋਸ਼ੀਏਸ਼ਨ ਦੇ ਆਗੂਆ ਦੀਆਂ ਨਜਾਇੰਜ਼ ਕੀਤੀਆ ਬਦਲੀਆਂ ਦਾ ਸਖਤ ਨੋਟਿਸ ਲਿਆ ਗਿਆ | ਜੁਆਇੰਟ ਐਕਸ਼ਨ ਕਮੇਟੀ ਦੇ ਆਗੂਆਂ ਅਵਤਾਰ ਸਿੰਘ ਕੈਂਥ, ਇੰਜ: ਡੀ.ਕੇ. ਗੋਇਲ, ਇੰਜ: ਦਵਿੰਦਰ ਸਿੰਘ, ਕੁਲਦੀਪ ਸਿੰਘ, ਹਰਪੀ੍ਰਤ ਸਿੰਘ, ਅਮਨਦੀਪ ਜੇਹਲਵੀ, ਅਮਿਤ ਕੁਮਾਰ, ਕਰਮਜੀਤ ਸਿੰਘ ਸਿੱਧੂ, ਵਲੋਂ ਦੱਸਿਆ ਗਿਆ ਕਿ ਚੇਅਰਮੈਨ/ਪਾਵਰਕਾਮ ਨੂੰ ਜੁਆਇੰਟ ਐਕਸ਼ਨ ਕਮੇਟੀ ਦੇ ਆਗੂਆ ਦਾ ਵਫ਼ਦ 23 ਦਸੰਬਰ ਨੂੰ 3 ਪ੍ਰਮੁੱਖ ਮੁੱਦਿਆਂ ਜਿਨ੍ਹਾਂ ਵਿਚ ਬਿਜਲੀ ਨਿਗਮ ਦੀਆਂ ਜ਼ਮੀਨਾ ਵੇਚਣ, ਰੋਪੜ ਥਰਮਲ ਵਿਖੇ 2__1MP__800 ਮੈਗਾਵਾਟ ਯੂਨਿਟ ਦੀ ਸਥਾਪਨਾ ਦੀ ਪ੍ਰਕਿਰਿਆ ਵਿਚ ਪੈਦਾ ਕੀਤੀਆਂ ਜਾ ਰਹੀਆਂ ਰੁਕਾਵਟਾਂ ਅਤੇ ਬਿਜਲੀ ਸੋਧ ਬਿੱਲ 2025 ਨੂੰ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਸੰਬੰਧੀ ਗੱਲਬਾਤ ਲਈ ਮਿਲਿਆ ਸੀ, ਮੀਟਿੰਗ ਦੌਰਾਨ ਪਾਵਰਕਾਮ ਮੈਨੇਜ਼ਮੈਟ ਵੱਲੋ ਸੂਚਿਤ ਕੀਤਾ ਗਿਆ ਕਿ ਮਿਤੀ 30.12.25 ਨੂੰ ਜੁਆਇੰਟ ਐਕਸ਼ਨ ਕਮੇਟੀ ਨਾਲ ਮੀਟਿੰਗ ਕਰਕੇ ਇਨ੍ਹਾਂ ਮਸਲਿਆਂ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ, ਪ੍ਰੰਤੂ ਕੁਝ ਸਮੇ ਬਾਅਦ ਹੀ ਮਾਹੌਲ ਸੁਖਾਵਾਂ ਬਣਾਉਣ ਦੀ ਥਾਂ, ਪਾਵਰ ਮੈਨੇਜ਼ਮੈਟ ਵਲੋਂ ਜੁਆਇੰਟ ਐਕਸ਼ਨ ਕਮੇਟੀ ਦੇ ਅਹੁੱਦੇਦਾਰਾਂ ਦੀਆਂ ਨਜਾਇੰਜ਼ ਬਦਲੀਆਂ ਕਰਕੇ ਮਹੌਲ ਅਣਸੁਖਾਵਾਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਨਾਲ ਅਦਾਰੇ ਅੰਦਰ ਸਨਅਤੀ-ਅਮਨ ਪ੍ਰਭਾਵਿਤ ਹੋਣਾ ਲਾਜ਼ਮੀ ਹੈ | ਜੁਆਇੰਟ ਐਕਸ਼ਨ ਕਮੇਟੀ ਵਲੋਂ ਉਕਤ ਤਿੰਨੋ ਮੁੱਦਿਆਂ ਨੂੰ ਲੈ ਕੇ ਨਵੇ ਸਾਲ 2026 ਨੂੰ ਸੰਘਰਸ਼ ਪ੍ਰੋਗਰਾਮਾਂ ਦਾ ਐਲਾਨ ਕੀਤਾ ਹੋਇਆ ਹੈ, ਜਿਸ ਵਿਚ 2 ਜਨਵਰੀ 26 ਨੂੰ ਬਾਰਡਰ ਜ਼ੋਨ ਅੰਮਿ੍ਤਸਰ, 6 ਜਨਵਰੀ ਨੂੰ ਵੈਸਟ ਜੋਨ ਬਠਿੰਡਾ, 9 ਜਨਵਰੀ ਨੂੰ ਸਾਊਥ ਜੋਨ, ਪਟਿਆਲਾ, 15 ਜਨਵਰੀ ਨੂੰ ਕੇਂਦਰੀ ਜ਼ੋਨ, ਲੁਧਿਆਣਾ ਅਤੇ 20 ਜਨਵਰੀ ਨੂੰ ਨਾਰਥ ਜੋਨ, ਜਲੰਧਰ ਵਿਖੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਜਨਵਰੀ ਦੇ ਅਖੀਰਲੇ ਹਫ਼ਤੇ ਹੈੱਡ ਆਫਿਸ/ਪਾਵਰਕਾਮ, ਪਟਿਆਲਾ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਉਪਰੰਤ ਅਗਲੇ ਹੋਰ ਤਿੱਖੇ ਸੰਘਰਸ਼ਾ ਦਾ ਐਲਾਨ ਕੀਤਾ ਜਾਵੇਗਾ |