ਪੰਚਕੂਲਾ (ਹਰਿਆਣਾ), 28 ਅਗਸਤ (ਓਮਾ ਕਪਿਲ) - ਪਿੰਜੌਰ ’ਚ ਬੁਟੀਕ ਸੰਚਾਲਕ ਮਹਿਲਾ ਦੀ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਗਈ।ਵਾਰਦਾਤ ਨਿੱਜੀ ਹੋਟਲ ਦੇ ਸਾਹਮਣੇ ਵਾਲੀ ਗਲੀ ਦੀ ਹੈ। ਮ੍ਰਿਤਕ ਮਹਿਲਾ ਦੀ ਪਛਾਣ ਰਾਜਿੰਦਰ ਕੌਰ ਵਜੋਂ ਹੋਈ ਹੈ ਜੋ ਕਿ ਰਤਪੁਰ ਕਾਲੋਨੀ ’ਚ ਕਿਰਾਏ ਦੇ ਮਕਾਨ ’ਚ ਰਹਿੰਦੀ ਸੀ ਤੇ ਬੁਟੀਕ ਚਲਾ ਕੇ ਆਪਣਾ ਗੁਜ਼ਾਰਾ ਕਰਦੀ ਸੀ। ਜ਼ਖ਼ਮੀ ਹਾਲਤ ’ਚ ਮਹਿਲਾ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਇਲਾਜ ਦੌਰਾਨ ਮਹਿਲਾ ਦੀ ਮੌਤ ਹੋ ਗਈ। ਡਾਕਟਰ ਵਲੋਂ ਗਲਾ ਪੂਰੀ ਤਰ੍ਹਾਂ ਵੱਢਿਆ ਹੋਣ ਦੀ ਪੁਸ਼ਟੀ ਕੀਤੀ ਗਈ। ਮ੍ਰਿਤਕ ਦੇਹ ਨੂੰ ਕਾਲਕਾ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਪਿੰਜੌਰ ਪੁਲਿਸ ਮੌਕੇ ’ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਸੀਸੀਟੀਵੀ ਫੁਟੇਜ ’ਚ ਇਕ ਵਿਅਕਤੀ ਬੁਟੀਕ ਅੰਦਰ ਜਾਂਦਾ ਦਿਖਾਈ ਦਿੱਤਾ ਜੋ ਕਿ ਕੁਝ ਸਮੇਂ ਬਾਅਦ ਸ਼ਟਰ ਬੰਦ ਕਰਕੇ ਬਾਹਰ ਨਿਕਲਦਾ ਨਜ਼ਰ ਆਇਆ।