ਕੋਟਕਪੂਰਾ, 31 ਮਈ (ਮੇਘਰਾਜ)-ਨੇੜਲੇ ਪਿੰਡ ਹਰੀਨੌ ਦੇ ਗੁਰਦੁਆਰਾ ਸਾਹਿਬ ਵਿਖੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਦੇ ਭੋਗ, ਗੁਰਬਾਣੀ ਕੀਰਤਨ, ਕਥਾ ਵਿਚਾਰਾਂ ਹੋਈਆਂ | ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਭਾਈ ਅਵਤਾਰ ਸਿੰਘ ਘਰਿਆਲਾ ਨੇ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਹਾੜ੍ਹ ਦੇ ਮਹੀਨੇ ਤਪਦੀਆਂ ਧੁੱਪਾਂ, ਤਪਦੀਆਂ ਲੋਆਂ ਅਤੇ ਹਰ ਪਾਸੋਂ ਆਉਂਦੀਆਂ ਤੱਤੀਆਂ ਹਵਾਵਾਂ ਦੇ ਬਾਵਜੂਦ ਵੀ ਸ਼ਾਂਤ ਰਹੇ ਅਤੇ ਆਪਣਾ ਹਿਰਦਾ ਵੀ ਸ਼ਾਂਤ ਰੱਖਿਆ | ਭਾਈ ਘਰਿਆਲਾ ਨੇ ਮਾਤਾ ਗੰਗਾ ਜੀ ਖਿਲਾਫ਼ ਸੁਣਾਈਆਂ ਜਾਂਦੀਆਂ ਗਲਤ ਸਾਖੀਆਂ ਦਾ ਵੀ ਖੰਡਨ ਕਰਦਿਆਂ ਕਿਹਾ ਕਿ ਇਤਿਹਾਸ ਨੂੰ ਮਿਥਿਹਾਸ ਬਣਾਉਣ ਜਾਂ ਗਲਤ ਰੰਗਤ ਦੇਣ ਵਾਲਿਆਂ ਤੋਂ ਸੁਚੇਤ ਹੋਣ ਦੀ ਲੋੜ ਹੈ | ਉਨ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਸਮੇਤ ਸ੍ਰੀ ਗੁਰੂ ਹਰਗੋਬਿੰਦ ਰਾਏ, ਪਿ੍ਥੀ ਚੰਦ, ਜਹਾਂਗੀਰ ਨਾਲ ਜੁੜੇ ਗੁਰਇਤਿਹਾਸ ਦੀ ਸਾਂਝ ਪਾਉਂਦਿਆਂ ਦੱਸਿਆ ਕਿ ਪਿ੍ਥੀ ਚੰਦ ਦੀਆਂ ਸਾਜਿਸ਼ਾਂ ਕਾਮਯਾਬ ਨਾ ਹੋ ਸਕੀਆਂ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ, ਮਨਜੀਤ ਸਿੰਘ, ਸੁਖਦੀਪ ਸਿੰਘ ਰੋਛਾ, ਇਕਬਾਲ ਸਿੰਘ ਮੈਂਬਰਾਨ ਵਲੋਂ ਭਾਈ ਅਵਤਾਰ ਸਿੰਘ ਘਰਿਆਲਾ ਅਤੇ ਸਮਾਜ ਸੇਵੀ ਗੁਰਿੰਦਰ ਸਿੰਘ ਦਾ ਸਨਮਾਨ ਵੀ ਕੀਤਾ ਗਿਆ | ਪ੍ਰਬੰਧਕਾਂ ਨੇ ਸ਼ਰਧਾਲੂਆਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਸੰਗਤਾਂ ਦੇ ਸਹਿਯੋਗ ਨਾਲ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਾਈ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਪਾਲਾ ਸਿੰਘ, ਮੁੱਖ ਗ੍ਰੰਥੀ ਭਾਈ ਜਸਦੀਪ ਸਿੰਘ, ਸੇਵਾਦਾਰ ਬਾਬਾ ਮੁਕੰਦ ਸਿੰਘ, ਸਾਬਕਾ ਸਰਪੰਚ ਬਲਵਿੰਦਰ ਸਿੰਘ ਮੰਦਾ, ਪਰਮਜੀਤ ਸਿੰਘ ਮੱਕੜ, ਗੇਜ ਰਾਮ ਭੌਰਾ, ਪਵਨ ਸ਼ਰਮਾ, ਬੀਬੀ ਅੰਮਿ੍ਤਪਾਲ ਕੌਰ, ਬੀਬੀ ਜਸਵਿੰਦਰ ਕੌਰ ਸਮੇਤ ਪਿੰਡ ਵਾਸੀ ਵੱਡੀ ਗਿਣਤੀ 'ਚ ਹਾਜ਼ਰ ਸਨ |