ਨੱਥੂਵਾਲਾ ਗਰਬੀ, 31 ਮਈ (ਨਵਦੀਪ ਸਿੰਘ)-ਕਿਰਤੀ ਕਿਸਾਨ ਯੂਨੀਅਨ ਨੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਝੋਨੇ ਸਮੇਤ ਸਾਉਣੀ ਦੀਆਂ ਫਸਲਾਂ ਦੀ ਐਮ. ਐਸ. ਪੀ. 'ਚ ਕੀਤੇ ਨਿਗੂਣੇ ਵਾਧੇ ਨੂੰ ਰੱਦ ਕਰਦਿਆਂ ਸਵਾਮੀ ਨਾਥਨ ਫਾਰਮੂਲੇ ਤਹਿਤ ਫਸਲਾਂ ਦੇ ਭਾਅ ਤੈਅ ਕਰਨ ਦੀ ਮੰਗ ਕੀਤੀ ਹੈ | ਜਥੇਬੰਦੀ ਨੇ ਭਾਜਪਾ ਨੂੰ ਆਪਣਾ ਚੋਣ ਵਾਅਦਾ ਯਾਦ ਕਰਵਾਉਂਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਚਮਕੌਰ ਸਿੰਘ ਰੋਡੇ ਅਤੇ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ ਨੇ ਕਿਹਾ ਕਿ ਭਾਜਪਾ ਨੇ ਪਿਛਲੇ ਸਮੇਂ ਵਿਚ ਹੋਈਆਂ ਵੱਖ ਵੱਖ ਸੂਬਾਈ ਵਿਧਾਨ ਸਭਾ ਚੋਣਾਂ ਵਿਚ ਝੋਨੇ ਦਾ ਭਾਅ 3100 ਰੁਪਏ ਪ੍ਰਤੀ ਕੁਇੰਟਲ ਦੇਣ ਦਾ ਵਾਅਦਾ ਮੈਨੀਫੈਸਟੋ ਵਿਚ ਕੀਤਾ ਸੀ ਪ੍ਰੰਤੂ ਹੁਣ 69 ਰੁਪਏ ਦੇ ਵਾਧੇ ਨਾਲ 2369 ਰੁਪਏ ਕੀਮਤ ਤੈਅ ਕਰਕੇ ਕਿਸਾਨਾਂ ਨਾਲ ਵਿਸ਼ਵਾਸਘਾਤ ਕੀਤਾ ਹੈ | ਕਿਸਾਨ ਆਗੂਆਂ ਨੇ ਕਿਹਾ ਜਵਾਰ, ਬਾਜਰਾ, ਰਾਗੀ, ਮੱਕੀ, ਅਰਹਰ, ਮੂੰਗੀ, ਉਰਦ ਦੀ ਤਹਿ ਕੀਮਤ ਨੂੰ ਵੀ ਕਿਸਾਨਾਂ ਨਾਲ ਸ਼ਰੇਆਮ ਧੋਖਾ ਕਰਾਰ ਦਿੱਤਾ ਹੈ |