ਕੋਟਕਪੂਰਾ, 31 ਮਈ (ਮੋਹਰ ਸਿੰਘ ਗਿੱਲ)-ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ ਸਥਾਨਕ ਡਾ. ਹਰੀ ਸਿੰਘ ਸੇਵਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਦਸਵੀਂ ਜਮਾਤ 'ਚੋਂ ਅੱਵਲ ਰਹਿਣ ਵਾਲੇ ਦੋ ਵਿਦਿਆਰਥੀਆਂ, ਸਾਲ 2024 ਦੇ ਟੌਪਰ ਵੰਸ਼ ਪੁੱਤਰ ਸੰਦੀਪ ਕੁਮਾਰ ਅਤੇ ਸਾਲ 2025 ਦੇ ਟੌਪਰ ਲਾਲਜੀਤ ਸਿੰਘ ਪੁੱਤਰ ਜਗਸੀਰ ਸਿੰਘ ਨੂੰ 11-11 ਹਜ਼ਾਰ ਰੁਪਿਆ ਦੇ ਕੇ ਸਨਮਾਨਿਤ ਕੀਤਾ ਗਿਆ | ਡਾ. ਆਦਰਸ਼ਪਾਲ ਕੌਰ ਸੇਵਾ ਮੁਕਤ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਨੇ ਦੱਸਿਆ ਹੈ ਕਿ ਉਨ੍ਹਾਂ ਤੇ ਸਤਿਕਾਰਤ ਮਾਤਾ ਸੁਰਜੀਤ ਕੌਰ ਪੁੱਤਰੀ ਸੁਤੰਤਰਤਾ ਸੰਗਰਾਮੀ ਬਾਬਾ ਦਿਆਲ ਸਿੰਘ ਇਸੇ ਹੀ ਸਕੂਲ 'ਚ ਲੰਬਾ ਸਮਾਂ ਬੱਚਿਆਂ ਨੂੰ ਪੜ੍ਹਾਉਂਦੇ ਰਹੇ ਸਨ, ਦੀ ਯਾਦ 'ਚ ਪਰਿਵਾਰ ਵਲੋਂ 'ਸਰਦਾਰਨੀ ਸੁਰਜੀਤ ਕੌਰ ਯਾਦਗਾਰੀ ਸਾਲਾਨਾ ਪੁਰਸਕਾਰ' ਪਿਛਲੇ ਸਾਲ 2024 ਤੋਂ ਹੀ ਸ਼ੁਰੂ ਕੀਤਾ ਗਿਆ ਸੀ | ਉਕਤ ਬੱਚਿਆਂ ਦਾ ਸਨਮਾਨ ਕਰਨ ਮੌਕੇ ਕੰਵਰਇੰਦਰ ਸਿੰਘ, ਮਾਪੇ ਅਤੇ ਅਧਿਆਪਕ ਹਾਜ਼ਰ ਸਨ | ਸਮਾਜ ਸੇਵੀ ਬਲਜੀਤ ਸਿੰਘ ਖੀਵਾ ਅਤੇ ਅਧਿਆਪਕਾਂ ਨੇ ਪਰਿਵਾਰ ਦੇ ਇਸ ਸਾਰਥਿਕ ਉਦਮ ਦੀ ਭਰਵੀਂ ਸ਼ਲਾਘਾ ਕੀਤੀ ਹੈ |