ਬਾਜਾਖਾਨਾ : ਪੂਜਨੀਕ ਕੰਨਿਆ ਕਿ੍ਸ਼ਨਾਂ ਦੇਵੀ ਦਾ ਜਨਮ ਪਿੰਡ ਮੱਲ੍ਹਾ (ਚੌਂਤਰਾ) ਨੇੜੇ ਕਸਬਾ ਬਾਜਾਖਾਨਾ ਜ਼ਿਲ੍ਹਾ ਫ਼ਰੀਦਕੋਟ ਵਿਖੇ ਸੰਨ 1952 ਅੱਸੂ ਸ਼ੁਦੀ ਅਸ਼ਟਮੀ ਨੂੰ ਪੰਡਿਤ ਦੇਸ਼ ਰਾਜ ਅਤੇ ਮਾਤਾ ਚਿੰਤਾ ਦੇਵੀ ਦੇ ਘਰ ਹੋਇਆ | ਅੱਠ ਭੈਣ, ਭਾਈਆਂ 'ਚੋਂ ਕੰਨਿਆ ਦਾ ਰੂਪ ਅਲੌਕਿਕ ਸੀ, ਕੰਨਿਆ ਜੀ 'ਤੇ ਪੰਜ ਸਾਲ ਦੀ ਉਮਰ ਤੋਂ ਹੀ ਮਾਤਾ ਜੀ ਦੀ ਮਿਹਰ ਹੋ ਗਈ ਸੀ, ਲਗਪਗ 24 ਸਾਲ ਤੱਕ ਇਹ ਲੀਲਾ ਰਹੱਸਮਈ ਰੂਪ ਵਿਚ ਰਹੀ | ਸੰਨ 1976 ਵਿਚ ਚੇਤ ਦੇ ਪਹਿਲੇ ਨਰਾਤੇ ਹੀ ਮਾਤਾ ਜੀ ਨੇ ਆਵਾਜ਼ਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਵਾੜੇ ਭਾਈ ਕੇ ਵਾਲੇ ਰਸਤੇ 'ਤੇ ਭਵਨ ਬਣੇਗਾ, ਝੰਡੇ ਝੂਲਣਗੇ, ਕਾਰਾਂ ਗੂੰਜਣਗੀਆਂ ਆਦਿ ਵਚਨ ਕੀਤੇ | ਕੰਨਿਆ ਜੀ ਦੇ ਇਹ ਵਚਨ ਸੁਣ ਕੇ ਸਭ ਪਿੰਡ ਵਾਲੇ ਇਕੱਠੇ ਹੋ ਗਏ ਅਤੇ ਮਾਤਾ ਜੀ ਦਾ ਹੁਕਮ ਮੰਨਿਆ | ਆਖੀਰ ਜੇਠ ਸ਼ੁਦੀ ਅਸ਼ਟਮੀ ਸੰਨ 1976 ਨੂੰ ਕੰਨਿਆ ਜੀ ਨੇ ਮੰਦਰ ਵਾਲੀ ਜਗ੍ਹਾ 'ਤੇ ਤਿ੍ਸ਼ੂਲ ਗੱਡ ਕੇ ਕਿਹਾ ਕਿ ਇਹ ਮੇਰਾ ਅਸਥਾਨ ਹੈ | ਬੱਸ ਫਿਰ ਤਾਂ ਦਿਨਾਂ ਵਿਚ ਹੀ ਭਵਨ ਬਣ ਕੇ ਤਿਆਰ ਹੋ ਗਿਆ ਅਤੇ ਚੌਂਕੀਆਂ, ਜਗਰਾਤੇ, ਪਾਠ-ਪੂਜਾ ਆਦਿ ਆਰੰਭ ਹੋ ਗਏ | ਪੂਰੇ 24 ਸਾਲ ਤੱਕ ਮੰਦਿਰ ਵਿਚ ਕੰਨਿਆ ਜੀ ਬਿਰਾਜਮਾਨ ਰਹੇ ਅਤੇ ਭਗਤਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਰਹੀਆਂ | ਜੀਵਨ ਦੇ ਅੰਤਿਮ ਦਿਨਾਂ ਵਿਚ ਕੰਨਿਆ ਜੀ ਆਪਣੇ ਪਵਿੱਤਰ ਪੰਚ ਭੌਤਿਕ ਸਰੀਰ ਨੂੰ ਗੰਗਾ ਜੀ (ਹਰਿਦੁਆਰ) ਵਿਚ ਪ੍ਰਵਾਹਿਤ ਕਰਨ ਬਾਰੇ ਕਿਹਾ ਕਰਦੇ ਸੀ | ਆਖੀਰ 23 ਮਈ ਸੰਨ 2000 ਦਿਨ ਮੰਗਲਵਾਰ ਸ਼ਾਮ ਨੂੰ 5.30 ਵਜੇ ਕੰਨਿਆ ਜੀ ਭਗਤ ਜਨਾਂ ਦੁਆਰਾ ਜੈ ਜੈ ਅੰਬੇ ਜੈ ਜਗਦੰਬੇ ਦਾ ਜਾਪ ਕਰਵਾਉਂਦਿਆਂ, ਸਦਾ ਲਈ ਆਪਣੇ ਨਿਜਧਾਮ ਨੂੰ ਸਿਧਾਰ ਗਏ | ਉਨ੍ਹਾਂ ਦੇ ਵਚਨਾਂ ਅਨੁਸਾਰ ਕੰਨਿਆ ਜੀ ਦੇ ਪਾਰਥਿਵ ਸਰੀਰ ਨੂੰ ਹਰਿਦੁਆਰ ਦੇ ਦਸਵੇਂ ਦੁਆਰ ਵਿਖੇ ਗੰਗਾਂ ਜਲ ਵਿਚ ਸਮਾਧੀ ਦਿੱਤੀ ਗਈ | ਕੰਨਿਆ ਜੀ ਦੀ ਯਾਦ ਵਿਚ ਹਰ ਸਾਲ ਜੇਠ ਸ਼ੁਦੀ ਅਸ਼ਟਮੀਂ ਨੂੰ ਸ੍ਰੀ ਜੈ ਜਵਾਲਾ ਕੰਨਿਆ ਮੰਦਰ ਵਿਖੇ ਸੰਗਤਾਂ ਦੇ ਸਹਿਯੋਗ ਦੇ ਨਾਲ ਪੂਜਨੀਕ ਕੰਨਿਆ ਸ੍ਰੀ ਕਿ੍ਸ਼ਨਾਂ ਦੇਵੀ ਜੀ ਦੀ ਬਰਸ਼ੀ ਮੌਕੇ ਸੱਤ ਦਿਨ ਸਪਤਸਤੀ ਦੇ ਪਾਠ ਕਰਕੇ ਅਤੇ ਅੱਠਵੇਂ ਦਿਨ ਹਵਨ-ਯੱਗ, ਵਿਸ਼ਾਲ ਭੰਡਾਰਾ ਅਤੇ ਰਾਤ ਸਮੇਂ ਮਾਤਾ ਜੀ ਦਾ ਜਾਗਰਣ ਕਰਕੇ ਬੜੀ ਸਰਧਾ-ਭਾਵਨਾਂ ਅਤੇ ਕੰਨਿਆ ਜੀ ਵਲੋਂ ਚਲਾਈ ਗਈ ਮਰਿਯਾਦਾ ਅਨੁਸਾਰ ਹੀ ਮਨਾਈ ਜਾਂਦੀ ਹੈ | ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੰਨਿਆਂ ਜੀ ਦੀ 25ਵੀਂ ਬਰਸੀ ਮੌਕੇ 27 ਮਈ ਦਿਨ ਮੰਗਲਵਾਰ ਤੋਂ ਸਪਤਸਤੀ ਦੇ ਪਾਠ ਆਰੰਭ ਕੀਤੇ ਗਏ ਹਨ ਅਤੇ ਅੱਜ 3 ਜੂਨ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਹਵਨ ਯੱਗ ਕਰਕੇ ਅਤੇ ਪਾਠਾਂ ਦੇ ਭੋਗ ਪਾਏ ਜਾਣਗੇ | - ਜਗਦੀਪ ਸਿੰਘ ਗਿੱਲ