ਸ੍ਰੀ ਮੁਕਤਸਰ ਸਾਹਿਬ, 1 ਸਤੰਬਰ (ਰਣਜੀਤ ਸਿੰਘ ਢਿੱਲੋਂ)-ਬੀਤੇ ਕਈ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਦੇ ਪਾਣੀ ਦੀ ਮਾਰ ਹੇਠਾਂ ਆਏ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡਾਂ ਦਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਲਗਾਤਾਰ ਦੌਰਾ ਕਰ ਰਹੇ ਹਨ ਅਤੇ ਲੋਕਾਂ ਨਾਲ ਰਾਬਤਾ ਰੱਖ ਰਹੇ ਹਨ | ਉਨ੍ਹਾਂ ਵਲੋਂ ਖ਼ੁਦ ਅਧਿਕਾਰੀਆਂ ਨੂੰ ਨਾਲ ਲੈ ਕੇ ਪਿੰਡ-ਪਿੰਡ ਜਾ ਕੇ ਜਾਇਜ਼ਾ ਲੈਣ ਤੋਂ ਇਲਾਵਾ ਲੋੜੀਂਦੇ ਪ੍ਰਬੰਧ ਮੁਕੰਮਲ ਕਰਵਾਏ ਜਾ ਰਹੇ ਹਨ | ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵਲੋਂ ਪਾਣੀ ਦੀ ਮਾਰ ਹੇਠਾਂ ਆਏ ਪਿੰਡ ਕੋਟਲੀ ਸੰਘਰ, ਉਦੇਕਰਨ, ਜਗਤ ਸਿੰਘ ਵਾਲਾ, ਭੰਗੇਵਾਲਾ, ਅਟਾਰੀ ਤੇ ਹੋਰਨਾਂ ਪਿੰਡਾਂ ਦਾ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਨਾਲ ਐੱਸ.ਡੀ.ਐੱਮ. ਬਲਜੀਤ ਕੌਰ, ਤਹਿਸੀਲਦਾਰ ਗੁਰਪ੍ਰੀਤ ਸਿੰਘ ਤੇ ਕਾਨੂੰਨਗੋ ਸੁਖਦੇਵ ਮੁਹੰਮਦ ਤੋਂ ਇਲਾਵਾ ਡਰੇਨ ਵਿਭਾਗ ਦੇ ਐੱਸ.ਡੀ.ਓ. ਹਰਦੀਪ ਸਿੰਘ ਭੁੱਲਰ ਆਦਿ ਹਾਜ਼ਰ ਸਨ | ਆਪਣੇ ਦੌਰੇ ਦੌਰਾਨ ਵਿਧਾਇਕ ਕਾਕਾ ਬਰਾੜ ਨੇ ਆਖਿਆ ਕਿ ਆਪਣੇ ਹਲਕੇ ਦੀ ਸਥਿਤੀ ਹਾਲੇ ਕੰਟਰੌਲ ਵਿਚ ਹੈ, ਕਿਉਂਕਿ ਪਾਣੀ ਨੂੰ ਨਹਿਰਾਂ ਤੇ ਸੇਮ ਨਾਲਿਆਂ ਵਿਚ ਸੁੱਟਣ ਲਈ ਮੋਟਰਾਂ, ਲਿਫ਼ਟ ਪੰਪ ਤੇ ਹੋਰ ਪ੍ਰਬੰਧ ਕਰਵਾਏ ਗਏ ਹਨ | ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਵੀ ਸਖ਼ਤ ਆਦੇਸ਼ ਦਿੱਤੇ ਹਨ ਕਿ ਜਦੋਂ ਵੀ ਕੋਈ ਪਿੰਡ ਦੇ ਜ਼ਿੰਮੇਵਾਰ ਵਿਅਕਤੀ ਦਾ ਫ਼ੋਨ ਆਉਂਦਾ ਹੈ, ਤਾਂ ਤੁਰੰਤ ਇਸ 'ਤੇ ਕਾਰਵਾਈ ਕੀਤੀ ਜਾਵੇ | ਵਿਧਾਇਕ ਕਾਕਾ ਬਰਾੜ ਦਾ ਲਗਾਤਾਰ ਪਿੰਡਾਂ ਨਾਲ ਰਾਬਤਾ ਬਣਿਆ ਹੋਇਆ ਹੈ, ਜਦੋਂ ਵੀ ਕੋਈ ਲੋੜ ਹੋਵੇ ਤਾਂ ਤੁਰੰਤ ਸੰਪਰਕ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਕਰਨ ਲਈ ਵੀ ਵਚਨਬੱਧ ਹੈ | ਇਸ ਮੌਕੇ ਬਲਰਾਜ ਸਿੰਘ ਭੁੱਲਰ, ਉਪਕਾਰ ਸਿੰਘ, ਮਨਜੀਤ ਸਿੰਘ, ਗੁਰਸੇਵਕ ਸਿੰਘ, ਦਵਿੰਦਰ ਸਿੰਘ, ਗੁਰਰਾਜ ਸਿੰਘ, ਸੁਖਚਰਨ ਸਿੰਘ ਨਿੱਕਾ ਬਰਾੜ ਸਰਪੰਚ ਉਦੇਕਰਨ, ਮਨੀ ਸਿੰਘ, ਗੁਰਚਰਨ ਸਿੰਘ, ਗੁਰਦਿਆਲ ਸਿੰਘ, ਗੋਬਿੰਦ ਸਿੰਘ, ਪਰਮਜੀਤ ਸਿੰਘ ਪੰਮਾ ਨੰਬਰਦਾਰ ਆਦਿ ਪਿੰਡ ਵਾਸੀ ਹਾਜ਼ਰ ਸਨ |