ਜੈਤੋ, 1 ਸਤੰਬਰ (ਗੁਰਮੀਤਪਾਲ ਰੋੜੀਕਪੂਰਾ)-ਬੀਤੀ ਰਾਤ ਹੋਈ ਭਾਰੀ ਬਾਰਿਸ਼ ਕਾਰਨ ਇੱਥੋਂ ਦੇ ਇਤਿਹਾਸਕੀ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਦੀ ਪਰਿਕ੍ਰਮਾ ਵਿਚ ਵੀ ਪਾਣੀ ਭਰ ਗਿਆ | ਜਿਸ ਨਾਲ ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੀ ਸੰਗਤ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਸੰਗਤਾਂ ਅਤੇ ਪ੍ਰਬੰਧਕਾਂ ਵਲੋਂ ਗੁਰਦੁਆਰਾ ਗੰਗਸਰ ਸਾਹਿਬ ਦੀ ਪਰਿਕ੍ਰਮਾ ਵਿਚ ਇਕੱਠੇ ਮੀਂਹ ਦੇ ਪਾਣੀ ਨੂੰ ਜਰਨੇਟਰ ਦੀ ਸਹਾਇਤਾ ਨਾਲ ਦੇਰ ਸ਼ਾਮ ਤੱਕ ਕੱਢਣ ਤੋਂ ਸਾਫ਼ ਸਫ਼ਾਈ ਦਾ ਪ੍ਰਬੰਧ ਕੀਤਾ ਗਿਆ | ਹਰਭਗਵਾਨ ਸਿੰਘ ਮੈਨੇਜਰ ਸ੍ਰੀ ਗੁਰਦੁਆਰਾ ਗੰਗਸਰ ਸਾਹਿਬ ਨੇ ਦੱਸਿਆ ਕਿ ਬੀਤੀ ਰਾਤ ਹੋਈ ਭਾਰੀ ਬਾਰਿਸ਼ ਕਾਰਨ ਗੁਰਦੁਆਰਾ ਸਾਹਿਬ ਦੀ ਪਰਿਕ੍ਰਮਾ 'ਚ ਇੱਕਠੇ ਹੋਏ ਮੀਂਹ ਦੇ ਪਾਣੀ ਨੂੰ ਕੱਢਣ 'ਚ ਕਾਫ਼ੀ ਮੁਸ਼ਕਿਲ ਪੇਸ਼ ਆਈ ਕਿਉਂਕਿ ਸ਼ਹਿਰ 'ਚ ਸੀਵਰੇਜ ਪਾਣੀ ਦੀ ਨਿਕਾਸੀ ਦੇ ਮਾੜੇ ਪ੍ਰਬੰਧਾਂ ਕਾਰਨ ਮੀਂਹ ਅਤੇ ਸੀਵਰੇਜ ਦਾ ਗੰਦਾ ਪਾਣੀ ਸੀਵਰੇਜ ਦੇ ਮੈਨਹੋਲ ਰਾਹੀਂ ਲੰਗਰ ਹਾਲ 'ਚ ਆ ਗਿਆ ਜੋ ਮੀਂਹ ਬੰਦ ਹੋਣ ਤੋਂ ਬਆਦ ਸ਼ਹਿਰ ਦੀਆਂ ਗਲੀਆਂ 'ਚ ਜਮ੍ਹਾ ਪਾਣੀ ਦੀ ਨਿਕਾਸੀ ਤੋਂ ਬਆਦ ਨਿਕਲਿਆ | ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਪਰਿਕ੍ਰਮਾ 'ਚ ਬਾਹਰੀ ਗੰਦੇ ਪਾਣੀ ਦੀ ਰੋਕਥਾਮ ਲਈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਠੋਸ ਹੱਲ ਕੀਤੇ ਹੋਏ ਹਨ | ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਸਰੋਵਰ ਅਤੇ ਪਰਿਕ੍ਰਮਾ ਦੇ ਪਾਣੀ ਦੀ ਨਿਕਾਸੀ ਨੇੜਲੇ ਛੱਪੜ 'ਚ ਕੀਤੀ ਗਈ ਜਦ ਭਾਰੀ ਮੀਂਹ ਕਾਰਨ ਛੱਪੜ ਭਰ ਜਾਂਦਾ ਹੈ ਤਾਂ ਬਾਹਰਲੇ ਪਾਣੀ ਨੂੰ ਬੜੀ ਸੰਜਮ ਨਾਲ ਕੰਟਰੋਲ ਕਰਨਾ ਪੈਂਦਾ ਹੈ ਤਾਂ ਜੋ ਸਰੋਵਰ ਸਾਹਿਬ ਦੇ ਪਾਣੀ ਨੂੰ ਗੰਦਾ ਹੋਣ ਤੋਂ ਬਚਾਇਆ ਜਾ ਸਕੇ | ਉਨ੍ਹਾਂ ਸੀਵਰੇਜ ਵਿਭਾਗ ਦੀ ਨਿਖੇਧੀ ਕਰਦਿਆਂ ਕਿਹਾ ਕਿ ਲੋਕਾਂ ਦੀ ਪਵਿੱਤਰ ਆਸਥਾ ਨਾਲ ਜੁੜੇ ਸਰੋਵਰ ਸਾਹਿਬ ਦੇ ਪਾਣੀ ਦੀ ਨਿਕਾਸੀ ਲਈ ਯੋਗ ਪ੍ਰਬੰਧ ਨਾ ਹੋਣ ਕਾਰਨ ਪਿਛਲੇ ਸਮੇਂ ਦੌਰਾਨ ਸੀਵਰੇਜ ਦਾ ਗੰਦਾ ਪਾਣੀ ਸਰੋਵਰ ਸਾਹਿਬ 'ਚ ਦਾਖ਼ਲ ਹੋ ਜਾਂਦਾ ਸੀ |