ਹੜ੍ਹਾਂ ਕਾਰਨ ਇਸ ਵਾਰ ਬਾਬਾ ਫ਼ਰੀਦ ਆਗਮਨ ਪੁਰਬ ਧਾਰਮਿਕ ਸਮਾਗਮਾਂ ਤੱਕ ਹੀ ਸੀਮਤ
ਅਜੀਤ ਡੈਸਕ
04-09-2025
ਤਫ਼ਰੀਦਕੋਟ, 3 ਸਤੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਵਿਚ ਹੜ੍ਹ ਕਾਰਨ ਪੈਦਾ ਹੋਈ ਸੰਕਟਮਈ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਇਸ ਵਾਰ ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ 2025 ਸਿਰਫ਼ ਸਾਦਗੀ ਅਤੇ ਸ਼ਰਧਾ ਨਾਲ ਮਨਾਇਆ ਜਾਵੇਗਾ | ਇਹ ਜਾਣਕਾਰੀ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਦਿੱਤੀ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਈ ਕੁਦਰਤੀ ਆਫ਼ਤ ਹੜ੍ਹਾਂ ਨਾਲ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਇਸ ਵਾਰ ਆਗਮਨ ਪੁਰਬ ਧਾਰਮਿਕ ਅਕੀਦੇ ਅਨੁਸਾਰ ਬਿੱਲਕੁਲ ਸਾਦੇ ਢੰਗ ਨਾਲ ਮਨਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਬਾਬਾ ਫ਼ਰੀਦ ਆਗਮਨ ਪੁਰਬ 'ਤੇ 19 ਤੋਂ 23 ਸਤੰਬਰ ਤੱਕ ਸਿਰਫ਼ ਧਾਰਮਿਕ ਸਮਾਗਮ ਹੀ ਹੋਣਗੇ ਤੇ ਮਨੋਰੰਜਨ, ਸੱਭਿਆਚਾਰਕ ਵਾਲੇ ਸਮਾਗਮ ਨਹੀਂ ਹੋਣਗੇ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਕਲਚਰਲ ਸੁਸਾਇਟੀ ਵਲੋਂ ਇਸ ਵਾਰ ਦਾਣਾ ਮੰਡੀ ਫ਼ਿਰੋਜ਼ਪੁਰ ਰੋਡ ਵਿਖੇ 13 ਤੋਂ 23 ਸਤੰਬਰ ਤੱਕ ਲੱਗਣ ਵਾਲਾ ਕਰਾਫ਼ਟ ਮੇਲਾ ਨਹੀਂ ਹੋਵੇਗਾ | ਇਸ ਤੋਂ ਇਲਾਵਾ ਸੱਭਿਆਚਾਰਕ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਗਏ ਹਨ | ਡਿਪਟੀ ਕਮਿਸ਼ਨਰ ਨੇ ਸਮੂਹ ਸੰਸਥਾਵਾਂ, ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਸ਼ਕਿਲ ਘੜੀ ਵਿਚ ਇਕ-ਦੂਜੇ ਦਾ ਵੱਧ ਤੋਂ ਵੱਧ ਸਾਥ ਦੇਣ ਅਤੇ ਬਾਬਾ ਫ਼ਰੀਦ ਆਗਮਨ ਪੁਰਬ ਨੂੰ ਸਾਦਗੀ ਅਤੇ ਸ਼ਰਧਾ ਨਾਲ ਮਨਾਉਣ ਵਿਚ ਪ੍ਰਸ਼ਾਸਨ ਦਾ ਸਹਿਯੋਗ ਕਰਨ |