ਫ਼ਰੀਦਕੋਟ, 5 ਸਤੰਬਰ (ਜਸਵੰਤ ਸਿੰਘ ਪੁਰਬਾ)-ਪਿਛਲੇ ਦਿਨੀਂ ਭਾਰੀ ਮਾਤਰਾ 'ਚ ਮੀਂਹ ਪੈਣ ਕਾਰਨ ਹਲਕਾ ਫ਼ਰੀਦਕੋਟ ਦੇ ਕਈ ਪਿੰਡਾਂ ਵਿਚ ਪਾਣੀ ਭਰ ਗਿਆ ਸੀ ਅਤੇ ਲਗਾਤਾਰ ਉਪਰਾਲੇ ਕਰਕੇ ਪਾਣੀ ਦੀ ਨਿਕਾਸੀ ਕਰਵਾਈ ਜਾ ਰਹੀ ਹੈ | ਇਹ ਪ੍ਰਗਟਾਵਾ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਪਿੰਡ ਮਚਾਕੀ ਕਲਾਂ, ਮਚਾਕੀ ਖੁਰਦ, ਬਸਤੀ ਹਿੰਮਤਪੁਰਾ ਅਤੇ ਅਰਾਈਆਂਵਾਲਾ ਕਲਾਂ ਦੇ ਪਾਣੀ ਦੀ ਨਿਕਾਸੀ ਦਾ ਮੌਕੇ 'ਤੇ ਹੱਲ ਕਰਵਾਉਂਦਿਆਂ ਕੀਤਾ | ਵਿਧਾਇਕ ਸੇਖੋਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਫ਼ਰੀਦਕੋਟ ਦੀ ਅਗਵਾਈ ਹੇਠ ਸਾਰਾ ਪ੍ਰਸ਼ਾਸਨ ਲੋਕਾਂ ਦੀ ਸਹੂਲਤ ਲਈ ਦਿਨ-ਰਾਤ ਹਰੇਕ ਪਿੰਡ ਵਿਚ ਕੰਮ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਜਿਹੜੇ ਪਿੰਡਾਂ ਵਿਚ ਪਾਣੀ ਆਉਣ ਦੀ ਸੰਭਾਵਨਾ ਹੈ, ਉਨ੍ਹਾਂ ਪਿੰਡਾਂ ਵਿਚ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਕਿਹਾ ਕਿ ਜਿਨ੍ਹਾਂ ਵੀ ਪਾਣੀ ਇੱਕਠਾ ਹੋਇਆ ਹੈ ਉਸ ਨੂੰ ਵੀ ਸੇਮ ਨਾਲਿਆਂ ਵਿਚ ਕੱਢਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਹੁਣ ਮੌਸਮ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ, ਅਗਲੇ ਦਿਨਾਂ ਵਿਚ ਸਥਿਤੀ ਆਮ ਵਾਂਗ ਹੋ ਜਾਵੇਗੀ | ਕੁਦਰਤੀ ਕਰੋਪੀ ਕਾਰਨ ਪੰਜਾਬ ਦਾ ਵੱਡਾ ਹਿੱਸਾ ਹੜ੍ਹਾਂ ਦੀ ਮਾਰ ਹੇਠ ਹੈ ਤੇ ਪੰਜਾਬ ਸਰਕਾਰ ਸਮੇਤ ਸਮੁੱਚਾ ਪੰਜਾਬੀ ਭਾਈਚਾਰਾ ਹੜ੍ਹ ਪੀੜ੍ਹਤਾਂ ਦੀ ਮਦਦ ਕਰ ਰਿਹਾ ਹੈ ਤੇ ਪਿਛਲੇ ਦਿਨੀਂ ਫ਼ਰੀਦਕੋਟ ਦੀ ਸੰਗਤ ਵਲੋਂ ਵੀ ਵੱਡੀ ਗਿਣਤੀ ਵਿਚ ਚਾਰਾ, ਲੰਗਰ, ਰਾਸ਼ਨ, ਦਵਾਈਆਂ ਆਦਿ ਉਹ ਖੁਦ ਸੰਗਤ ਨਾਲ ਜਾ ਕੇ ਫ਼ਿਰੋਜ਼ਪੁਰ ਦੇ ਹੜ੍ਹ ਪੀੜ੍ਹਤਾਂ ਨੂੰ ਵੰਡ ਕੇ ਆਏ ਹਨ ਤੇ ਅੱਗੇ ਵੀ ਇਹ ਸੇਵਾ ਜਾਰੀ ਰਹੇਗੀ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੜ੍ਹ ਪੀੜਤਾਂ ਦੀ ਵੱਧ ਤੋਂ ਵੱਧ ਮਦਦ ਕਰਨ ਲਈ ਅੱਗੇ ਆਉਣ | ਇਸ ਮੌਕੇ ਐਸ.ਐਚ.ਓ ਰਾਜ਼ੇਸ਼ ਕੁਮਾਰ, ਰਮਨਦੀਪ ਸਿੰਘ ਮੁਮਾਰਾ ਚੇਅਰਮੈਨ ਮਾਰਕੀਟ ਕਮੇਟੀ, ਬਲਜੀਤ ਸਿੰਘ, ਸਰਪੰਚ ਮਚਾਕੀ ਕਲਾਂ, ਰਾਜਦੀਪ ਸਰਪੰਚ ਮਹਿਮੂਆਣਾ, ਅਮਰਜੀਤ ਸਿੰਘ ਪਰਮਾਰ, ਮਨਜਿੰਦਰ ਸਿੰਘ, ਮਨਪ੍ਰੀਤ ਸਿੰਘ, ਨੈਬ ਸਿੰਘ, ਗੋਰਾ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ |